ਉਹੀ ਹੋਇਆ ਨਾ
ਸਮੇਟਦਿਆਂ ਸਹੇਜਦਿਆਂ
ਸਭ ਰੰਗ
ਆਪੋ ਵਿੱਚ ਆਪੇ ਘੁਲ ਮਿਲ ਗਏ
ਤੇ ਵੱਖਰੇ ਵੱਖਰੇ ਰੰਗਾਂ ਨੇ
ਗਵਾ ਲਈ ਆਪਣੀ ਹੋਂਦ
ਇੱਕੋ ਰੰਗ ਵਿੱਚ ਬਦਲ ਗਏ
ਰੰਗ ਜੋ ਨਾ ਨਜ਼ਰ ਨੂੰ ਭਾਉਂਦਾ ਹੈ
ਨਾ ਕੈਨਵਸ ਤੇ ਜਚਦਾ ਹੈ
ਰੰਗ ਜਿਸ ਨੂੰ ਦੇਖਦਿਆਂ
ਖੌਫ਼ ਨਾਲ ਭਰ ਜਾਂਦਾ ਹਾਂ
ਕਿੰਨਾ ਚੰਗਾ ਹੁੰਦਾ
ਜੇ ਆਪਣੇ ਹੱਥੀਂ
ਰੰਗਾਂ ਨੂੰ ਆਪੋ ਵਿੱਚ ਘੋਲਦਾ
ਨਵੇਂ ਰੰਗਾਂ ਦੀ ਸਿਰਜਣਾ ਕਰਦਾ
ਰੰਗ ਜੋ ਨਜ਼ਰ ਨੂੰ
ਸੋਹਣੇ ਲੱਗਦੇ
ਰੰਗ ਜੋ ਕੈਨਵਸ ਤੇ ਉਤਰਦੇ ਸਾਰ
ਰੂਹ ਨੂੰ ਰਾਜ਼ੀ ਕਰਦੇ
ਚੌਗਿਰਦਾ ਖਿੜ ਖਿੜ ਜਾਂਦਾ
ਹਾਇ ਕੀ ਕਰੀ ਬੈਠਾ ਹਾਂ
ਜਿਨ੍ਹਾਂ ਦੀ ਚਮਕ ਨਾਲ ਚਮਕਣਾ ਸੀ
ਲਿਸ਼ਕ ਨਾਲ ਲਿਸ਼ਕਣਾ ਸੀ
ਆਪਣੀ ਅਲਗ਼ਰਜੀ ਕਰਕੇ
ਉਨ੍ਹਾਂ ਤੋਂ ਡਰੀ ਜਾਂਦਾ ਹਾਂ