ਮੌਤ
ਆਉਂਦੀ ਹੈ
ਦਨਦਨਾਉਂਦੀ ਹੈ
ਅਚਿੰਤੇ ਬਾਜ਼ ਵਾਂਗ
ਕਿਸੇ ਜਿੰਦ ਨੂੰ ਖੂੰਖਾਰੀ ਪੰਜਿਆਂ ਵਿੱਚ ਲੈ
ਉੱਡ ਜਾਂਦੀ ਹੈ …
ਮੌਤ ਬਹੁਤ ਕਰੂਰ ਹੈ
ਜ਼ਿੰਦਗੀ ਨੂੰ ਤਹਿਸ ਨਹਿਸ ਕਰ
ਸਭ ਰੰਗ ਫਿੱਕੇ ਪਾ
ਤੁਰ ਜਾਂਦੀ ਹੈ
ਮਰਨਾ ਸੱਚ ਜੀਣਾ ਝੂਠ
ਸਚਮੁੱਚ ਸੱਚ ਲੱਗਣ ਲੱਗਦਾ ..
ਪਰ ਜ਼ਿੰਦਗੀ ਮੌਤ ਤੋਂ ਵੀ ਪ੍ਰਬਲ ਹੈ
ਜੋ ਮੌਤ ਤੋਂ ਬਾਦ ਮੁੜ ਤੁਰਦੀ ਹੈ
ਸਹਿਜੇ ਸਹਿਜੇ ਸਹਿਜ ਹੋਣ ਲੱਗਦੀ ਹੈ
ਸਮੇਂ ਦੀ ਧੁੱਪ
ਦੁੱਖ ਦੇ ਰੰਗ
ਫਿੱਕੇ ਪਾ ਦਿੰਦੀ ਹੈ
ਮੌਤ ਮਾਤਮ ਵੈਣ
ਤੇ
ਤੁਰ ਗਿਆ ਜੀਅ
ਸੁਪਨਾ ਸੁਪਨਾ ਲੱਗਣ ਲੱਗਦੇ ਨੇ
ਜਿਵੇਂ ਝੱਖੜ ਝਾਂਜੇ ਦੀ ਝੰਬੀ ਪ੍ਰਕ੍ਰਿਤੀ
ਮੁੜ ਸਾਬਤ ਹੋ ਜਾਂਦੀ ਹੈ
ਮੌਤ ਬਾਦ ਜ਼ਿੰਦਗੀ ਵੀ
ਮੁੜ ਸਾਬਤ ਕਦਮੀਂ ਤੁਰ ਪੈਂਦੀ ਹੈ
ਤੁਰ ਗਏ ਜੀਅ ਦੀਆਂ
ਯਾਦਾਂ ਦੀ ਪਟਾਰੀ ਨਾਲ ਨਾਲ ਲੈ ਕੇ …
ਮਰਨਾ ਸੱਚ
ਜੀਣਾ ਹੋਰ ਵੀ ਵੱਡਾ ਸੱਚ ….।