(ਔਰਤ ਨਾਲ ਜੁੜੀਆਂ ਜੰਗਲੀ ਤੰਦਾਂ ਨੂੰ)
ਸਦਾ ਕੰਮ 'ਚ ਲੱਗੀਆਂ ਰਹਿੰਦੀਆਂ
ਤੇਰੀਆਂ ਲਚਕਦਾਰ ਬਾਂਹਾਂ 'ਤੇ
ਬੜੀ ਦੂਰ ਦੇ ਪਵਿੱਤਰ ਵਣਾਂ ਦੇ
ਨਕਸ਼ੇ ਬਣੇ ਹੋਏ ਨੇ ।
ਮੁਢਲੀ ਮਿੱਟੀ ਦਾ ਰੰਗ ਤੇ
ਪਹਿਲੀਆਂ ਗੰਦਲਾਂ ਦਾ ਰਸ
ਤੇਰੇ ਪਿੰਡੇ 'ਚੋਂ ਮਹਿਕਦਾ ।
ਤੇਰਾ ਦੁੱਧ ਫੁੱਲਾਂ, ਥੋਹਰਾਂ ਤੇ
ਬਾਘਣੀਆਂ 'ਚ ਘਿਰੇ
ਕਿਸੇ ਅਣ-ਦਿਸਦੇ ਪੀੜ੍ਹੇ 'ਤੇ ਬੈਠੇ
ਇੱਕ ਰੱਬੀ ਜਲੌਅ ਦੇ ਵਾਕਾਂ 'ਚੋਂ ਸਿੰਮਦਾ ।
ਧਰਤੀ ਦੀ ਅੱਥਰੀ ਗੋਲ਼ਾਈ
ਤੇਰੀ ਛਾਤੀ ਦਾ ਵਿਸਥਾਰ ਹੈ ਤੇ
ਪੱਥਰਾਂ-ਪਹਾੜਾਂ ਦੀ ਚਿਤਕਬਰੀ-ਜ਼ੀਨਤ
ਤੇਰੀ ਚਮੜੀ ਦਾ ਹੀ ਕੋਈ ਰੂਪ ਹੈ ।
ਹਾਲੇ ਵੀ ਅਸਮਾਨ
ਤਾਰਿਆਂ ਦੀਆਂ ਖਿੱਤੀਆਂ ਚੁੱਕੀ
ਤੇਰਿਆਂ ਰਾਹਾਂ 'ਚ ਖੜ੍ਹਦਾ।
ਤੇਰੀ ਅੱਡੀ ਅੱਜ ਵੀ ਫੁਰਤੀਲੀ ਹੈ ।
ਤੂੰ ਹਾਲੇ ਵੀ 'ਜੰਗਲੀ' ਹੈਂ
ਤੇ ਹਾਲੇ ਵੀ ਤੇਰੇ ਸਰੀਰ ਦਿਆਂ ਮੋੜਾਂ 'ਚ
ਮਰੂਏ ਵਰਗਾ ਕੁਝ ਉੱਗਦਾ ।