ਇਸ ਮਾਛੀ ਨੂੰ ਕੀ ਹੋਇਆ ਹੈ ?
ਕਿਸ ਨੇ ਧੜ ਤੋਂ ਖੋਪੜ ਲਾਹ ਕੇ
ਖ਼ੂਬ ਹਿਲਾ ਕੇ
ਫੇਰ ਇਹਦੇ ਧੜ ਤੇ ਰਖ ਦਿੱਤਾ ?
ਖੋਪੜ ਅੰਦਰ ਵਾਵਰੋਲੇ ਸ਼ੂਕ ਰਹੇ ਨੇ
ਕਿਸੇ ਨੇ ਸਾਡਾ ਬੁੱਢ-ਸਰੋਵਰ
ਕੁੱਜੇ ਪਾ ਕੇ ਲੂਣ ਰਲਾ ਕੇ
ਖ਼ੂਬ ਹਿਲਾ ਕੇ ਸੁਟ ਦਿੱਤਾ ਹੈ
ਇਸ ਦੀ ਤਹਿ ਵਿਚ ਸਦੀਆਂ ਸੁੱਤੀ ਬੁੱਢੀ ਮਿੱਟੀ
ਉਪਰ ਆ ਕੇ
ਗੰਧਲ ਗਈ ਇਹਦੇ ਨਿਤਰੇ ਪਾਣੀ
ਡੂੰਘੀ ਰਾਤੀਂ ਪਿੰਡੋਂ ਬਾਹਰ
ਨਦੀ ਤਕ ਜਾਵੇ
ਮੋਢੇ ਵਹਿੰਗੀ
ਵਹਿੰਗੀ ਦੇ ਵਿਚ ਜਾਲ ਮੱਛੀਆਂ
ਕਲ੍ਹ ਦੀਆਂ ਮੱਛੀਆਂ-
ਇਕ ਇਕ ਕਰਕੇ ਫੇਰ ਨਦੀ ਵਿਚ ਸੁੱਟੀ ਜਾਵੇ
ਨਾਲੇ ਆਖੇ :
ਜਾਵੋ ਪਾਣੀ ਵਿਚ ਨਹਾਵੋ
ਜ਼ਿੰਦਾ ਹੋ ਕੇ ਵਾਪਸ ਆਵੋ
ਨਾਲ ਤੁਹਾਡੇ ਮੇਰਾ ਪਿੰਡ ਵੀ ਜ਼ਿੰਦਾ ਹੋਵੇ
ਵੇਖੋ ਛੇਤੀ ਹੀ ਮੁੜ ਆਉਣਾ
ਨਹੀਂ ਤਾਂ ਵਾਵਰੋਲਾ ਬਣ ਕੇ
ਰਿੜਕ ਦਿਆਂਗਾ ਸਾਰੇ ਪਾਣੀ
ਸੂਰਜ ਚੜ੍ਹੇ ਪਿੰਡ ਮੁੜ ਆਵੇ
ਹਰ ਬੂਹੇ ਤੇ ਦਸਤਕ ਦੇਵੇ
ਬੂਹੇ ਜਿਨ੍ਹਾਂ ਦੇ ਪਿਛੇ ਨੰਗੀ ਧੁਪ ਵਸਦੀ ਹੈ
ਕੰਧਾਂ ਤੀਕਣ ਦੇ ਪਰਛਾਵੇਂ ਉਜੜ ਗਏ ਨੇ
ਡਿੱਗੇ ਬੂਹੇ ਨੂੰ ਪੁਚਕਾਰ ਕੇ ਪਿਆ ਜਗਾਵੇ :
ਉਠ ਬਹੁ ਪੁੱਤਰਾ
ਤੇਰੇ ਨਾਮ ਦੀ ਮੱਛੀ ਪਾਣੀ ਵਿਚ ਸੁੱਤੀ ਏ
ਤੂੰ ਜਾਗੇਂ ਤਾਂ ਮੱਛੀ ਜਾਗੇ
ਉਠ ਬਹੁ ਮੇਰੇ ਪੁੱਤ ਦੀਏ ਭੁੱਖੇ
ਤੇਰੇ ਬਿਨਾਂ ਨਮਾਣੀ ਮੱਛੀ ਮਰ ਜਾਵੇਗੀ
ਇਸ ਮਾਛੀ ਨੂੰ ਕੀ ਹੋਇਆ ਹੈ ?