ਮਾਸੀ ਜੰਨਤੇ

ਮਾਸੀ ਜੰਨਤੇ ਲੁਕ ਲੁਕ ਕੇ ਤੂੰ ਗ੍ਰੰਥ ਦਾ ਪਾਠ ਕਰੇਂਦੀ 

ਬੁੱਢੀ ਹੋ ਗਈ ਏਂ

ਹਨ੍ਹੇਰੀ ਕੋਠੜੀ

ਤੇਰੀ ਕਬਰ ਜਾਂ ਗੁਰਦੁਆਰਾ

ਮਾਸੀ ਮੈਂ ਇਕ ਮੁਸਲੇ ਦੇ ਘਰ ਜੰਮਿਆ 

ਤੇਰੀ ਪੀੜ ਲਿਖਾਂ

ਛੋਹਰਾ ਇਥੇ ਇਕ ਗਰਾਂ ਗੋਬਿੰਦਪੁਰਾ ਵਸਦਾ ਸੀ 

ਹੁਣ ਉਹ ਛੱਬੀ ਚੱਕ ਇਸਲਾਮਾਬਾਦ ਸਦੀਂਦਾ 

ਦੋ ਕੋਹ ਨਾਲ ਨਿਆਣਾ ਗੋਂਦਲ

ਇਕ ਹੋਰ ਲੋਕ ਸਦੀਂਦਾ

ਜਿੱਥੇ ਤੇਰਾ ਦਾਦਾ ਮੀਆਂ ਫਜ਼ਲ ਕਰੀਮ 

ਬਜਾਜੀ ਵਾਲਾ ਰਹਿੰਦਾ ਸੀ

ਉਹ ਬੜਾ ਸਾਊ ਮਰਦ ਸੀ

ਗ੍ਰੰਥ ਕੁਰਾਨ ਦੇ ਵਿਤਕਿਰਆਂ ਤੋਂ ਭੱਜਦਾ 

ਪੰਜ ਵਕਤ ਨਮਾਜ਼ੀ

ਬੜਾ ਸਾਊ ਬੰਦਾ ਸੀ ਉਹ

ਜਿਸ ਦਿੰਹ ਤੇਰੇ ਦਾਦੇ ਅੱਖੀਂ ਨੂਟੀਆਂ 

ਡਾਢੀ ਕਹਿਰਾਂ ਦੀ ਹਨ੍ਹੇਰੀ ਝੁੱਲੀ 

ਅਸਮਾਨਾਂ ਤੋਂ ਲਹੂ ਦੇ ਬੱਦਲ ਵੱਸੇ 

ਜ਼ਿੰਮੀ ਲਾਸ਼ਾਂ ਜੰਮੀਆਂ

ਤੇ ਵਿਹੰਦਿਆਂ ਵਿਹੰਦਿਆਂ

ਗੋਬਿੰਦਪੁਰਾ ਛੱਬੀ ਚੱਕ ਇਸਲਾਮਾਬਾਦ ਬਣ ਗਿਆ

ਤੇ ਛੋਹਰਾ ਮੈਂ ਆਪਣੀ ਭੋਇੰ ਨਾਲ ਬੱਧੀ ਹੋਈ 

ਰਾਜ ਕੌਰ ਤੋਂ ਜੰਨਤ ਬੀਬੀ ਹੋ ਗਈ

ਪਰ ਢਿੱਡੋਂ ਸਿੱਖ ਸਿਦਕ ਛੋੜ ਨਾ ਸੱਕੀ

ਮੇਰਾ ਪੁੱਤਰ ਈਸ਼ਰ ਸਿੰਆਂ ਤੋਂ ਇਲਮਦੀਨ ਬਣਿਆ

ਤੇ ਅੱਜ ਇਲਮੇ ਦੀ ਧੀ

ਮੇਰੀ ਪੋਤਰੀ ਆਂਹਦੀ

ਦਾਦੀ ਮੈਂ ਕੋਈ ਨੀ ਸਰਦਾਰਾਂ ਬੀਬੀ ਬਣ ਕੇ ਰਹਿਣਾ

ਮੈਨੂੰ ਗੁਰਦੁਆਰੇ ਜਾ ਕੇ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ 

ਪੁੱਤਰਾ ਤੂੰ ਝੱਲੀ ਕੁੜੀ ਨੂੰ ਸਮਝਾ

ਭੈੜੀ ਕਿਹੋ ਜਿਹੀ ਗੱਲਾਂ ਪਈ ਕਰਦੀ

ਹੁਣ ਗੁਰਦੁਆਰਾ ਕਾਈਂ ਦਾ ਤੇ ਪੈਂਦਾ

ਅੱਜ ਉਥੇ ਪਾਰੋਂ ਆਏ ਮੁਸਲਮਾਨਾਂ ਦੇ ਟੱਬਰ ਰਹਿੰਦੇ

ਵਿਚੇ ਮੱਝੀਂ ਗਾਈ ਹੱਗਦੀਆਂ-ਮੂਤਦੀਆਂ

ਭੈਣੇ ਚੱਲ ਇਕ ਨਵੀਂ ਇਬਾਦਤਗਾਹ ਬਣਾਈਏ 

ਤੇਰਾ ਭਰਾ ਅਹਿਮਦ

ਇਕ ਮੁਸਲੇ ਖੋਜੇ ਮੁਹੰਮਦ ਸ਼ਰੀਫ਼ ਦਾ ਪੁੱਤਰ 

ਮੀਏਂ ਫਜ਼ਲ ਕਰੀਮ ਦਾ ਪੋਤਰਾ

ਅੱਜ ਆਪਣੇ ਲਹੂ ਦੇ ਮਿੱਟੀ ਗਾਰੇ ਨਾਲ 

ਨਵੇਂ ਇਬਾਦਤਗਾਹ ਦੀ ਉਸਾਰੀ ਕਰਸੀ 

ਸੋਹਣੇ ਰੱਬ ਦਾ ਦਿਲ ਜਿਤੇਸੀ

ਸਿੱਖ ਕੁੜੀ ਆਪਣੇ ਮੁਸਲਮਾਨ ਭਰਾ ਦੀ 

ਛਾਤੀ 'ਤੇ ਸਿਰ ਰੱਖ ਕੇ ਕੁਰਲਾ ਪਈ 

ਮੇਰਾ ਰੱਬ ਤੇਰੇ ਅੰਦਰ ਪਿਆ ਵਸਦਾ ਵੀਰਾ 

ਮੇਰਾ ਗੁਰਦੁਆਰਾ ਤੇਰੀ ਨਿੱਘੀ ਛਾਤੀ

ਮੈਨੂੰ ਹੋਰ ਕਿਸੇ ਗੁਰਦੁਆਰੇ ਦੀ ਲੋੜ ਨਹੀਓਂ ਭਰਾਵਾ

ਤੇ ਅਹਿਮਦ ਆਂਹਦਾ

ਪਾਰ ਜੇ ਕਿਸੇ ਸਿੰਘ ਦੀ ਛਾਤੀ ਵਿਚ

ਕਿਸੇ ਸਕੀਨਾ ਦਾ ਰੱਬ ਵੱਸਣ ਲੱਗ ਜਾਵੇ ਤਾਂ...!

📝 ਸੋਧ ਲਈ ਭੇਜੋ