ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ,
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ ।
ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ ।
ਰੱਬ ਕਰੇ ਤੂੰ ਮੰਦਰ ਵਾਗੂੰ ਵੇਖੇਂ ਮੇਰੀ ਮਸਜਦ ਨੂੰ,
ਰਾਮ ਕਰੇ ਮੈਂ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ ।
ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ ।
ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ ।
ਅਸਾਂ ਨਈਂ ਆਉਣਾ 'ਬਾਬਾ' ਤੇਰਾ ਮੁੜ ਕੇ ਮੇਲਾ ਵੇਖਣ ਲਈ,
ਸ਼ਕਲਾਂ ਵੇਖ ਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ।