ਮਸਜਿਦ ਦਾ ਮੀਨਾਰ ਮੇਰੇ ਮੋਢੇ 'ਤੇ ਧਰ ਕੇ
ਮੈਨੂੰ ਹਾਕਮ ਕਿਹਾ
ਕਿ ਜਾ ਮੈਦਾਨ ਜੰਗ ਵਿਚ
ਤੂੰ ਗਾਜ਼ੀ ਹੈਂ
ਇਹ ਮੀਨਾਰ ਤੇਰਾ ਬਰਛਾ ਬੰਦੂਕ ਫਰੇਰਾ
ਇਸ ਦੇ ਸਾਏ ਹੇਠ ਹਮੇਸ਼ਾ ਮੌਤ ਸ਼ਹਾਦਤ
ਮੋਢੇ 'ਤੇ ਮੀਨਾਰ ਟਿਕਾ ਕੇ
ਬੈਰਕ-ਬੈਰਕ ਬੰਕਰ-ਬੰਕਰ ਮੈਂ ਭੰਵਿਆਂ ਹਾਂ
ਮੋਰਚਿਆਂ ਅੰਦਰ ਡਟਿਆ ਹਾਂ
ਗਲੀਆਂ ਚੌਰਾਹਿਆਂ ਵਿਚ ਲਹੂ-ਤਰੌਂਕੇ ਦਿੱਤੇ
ਮੈਂ ਇਸ ਦੀ ਆਵਾਜ਼ 'ਤੇ ਬੱਚੇ ਬੁੱਢੇ ਔਰਤ
ਅੰਦਰ ਕੋਈ ਤਮੀਜ਼ ਨ ਕੀਤੀ
ਮੇਰੇ ਅੰਦਰ ਬਾਹਰ ਵਹਦਤ ਦਾ ਜਲਵਾ ਸੀ
ਮੋਢੇ 'ਤੇ ਮੀਨਾਰ ਖ਼ੁਦਾਈ ਯਕਜਿਹਤੀ ਦਾ
ਪੈਰਾਂ ਦੇ ਵਿਚ ਸਾਰੀ ਦੁਨੀਆਂ
ਮੁਸ਼ਰਿਕ, ਮੁਲਹਦ, ਕਾਫ਼ਰ, ਕੱਚੀ ਤੇ ਬੇਦੀਨੀ
ਇਸ ਮੀਨਾਰ ਦੀ ਟੀਸੀ ਉੱਤੇ
ਹਰ ਪਲ ਨਾਜ਼ਲ ਹੁੰਦਾ ਰਿਹਾ ਕਲਾਮ ਇਲਾਹੀ
ਹਰ ਪਲ ਬੰਦਾ ਅੱਲਾ ਵਾਲਾ
ਮੈਨੂੰ ਕਰਦਾ ਰਿਹਾ ਹਿਦਾਇਤਾਂ :
ਹਾਕਮ ਦਾ ਇਰਸ਼ਾਦ ਹੁਕਮ ਅੱਲਾ ਤਾਅਲਾ ਦਾ
ਜਿੱਧਰ ਹੁਕਮ ਕਹੇ ਉਸੇ ਪਾਸੇ ਤੁਰਿਆ ਜਾ
ਮੈਨੂੰ ਹੁਕਮ ਅਦੂਲੀ ਤੋਂ ਬਹੁਤਾ ਹੀ ਡਰ ਆਉਂਦਾ ਹੈ
ਏਹੋ ਡਰ ਮੇਰੀ ਹਿੰਮਤ ਹੈ
ਏਸੇ ਹਿੰਮਤ ਦੇ ਸਦਕੇ
ਮੈਂ ਖੜੇ ਖੜੋਤੇ ਬੱਚੇ ਬੁੱਢੇ
ਅੱਖ ਮੀਟ ਕੇ ਕੱਚੇ ਨੜਿਆਂ ਵਾਂਗੂੰ ਵੱਢੇ
ਵੱਢ ਕਤਰ ਕੇ
ਚੌਰਾਹਿਆਂ ਦੇ ਵਿਚ ਖਲਾਰੇ
ਸਾਡਾ ਜੰਗਮਦਾਨ ਕਦੇ ਚੌਰਾਹਿਆਂ ਵਿਚ ਸੀ
ਕਈ ਘਰਾਂ ਦੀਆਂ ਪੜਛਤੀਆਂ ਤੇ
ਕਦੀ ਕਿਸੇ ਆਰਾਮਗਾਹ ਵਿਚ
ਸ਼ਰਮਗਾਹ ਵਿਚ
ਮੋਢੇ 'ਤੇ ਮੀਨਾਰ ਟਿਕਾ ਕੇ ਹਰ ਥਾਂ ਪਹੁੰਚਾ
ਇਸ ਮੀਨਾਰ ਦੀ ਟੀਸੀ ਤੋਂ ਜੋ ਹੁਕਮ ਵੀ ਮਿਲਿਆ
ਡਰਦਾ, ਹਿੰਮਤ ਕਰਦਾ
ਹੁਕਮ ਨਿਭਾ ਹੀ ਦਿੱਤਾ
ਓੜਕ ਵਾਰੀਂ ਇਸ ਨੇ ਕਿਹਾ ਕਿ
ਪਾੜ ਕੇ ਫ਼ੀਤਾ, ਮਿੱਟੀ ਚੱਟ ਲੈ, ਹਾਰ ਮੰਨ ਜਾ
ਉਹ ਵੀ ਕੀਤਾ
ਮਸਜਿਦ ਦਾ ਮੀਨਾਰ ਮੇਰੇ ਮੋਢੇ ਤੋਂ
ਕਿਸੇ ਉਤਾਰ ਲਿਆ ਹੈ
ਕੱਲਮਕੱਲਾ ਸਹਿਰਾ ਦੇ ਵਿਚ ਚੁੱਪ ਖੜਾ ਹਾਂ
ਨਾ ਕੋਈ ਮੇਰਾ ਰਹਿਬਰ ਨਾ ਕੋਈ ਮੀਰ ਕਾਰਵਾਂ
ਜੰਗ ਖ਼ਤਮ ਹੈ
ਪਰ ਅੰਦਰ ਘਮਸਾਣ ਸ਼ੁਰੂ ਹੈ
ਵੱਢੇ ਕੁਤਰੇ ਬੰਦੇ ਮੁੜ ਕੇ ਜੀ ਉਠੇ ਨੇ