ਮਸਲੇ ਉਠਾਏ ਜਾਣਗੇ

ਮਜਿਲਸਾਂ ਅੰਦਰ ਜਦੋਂ ਮਸਲੇ ਉਠਾਏ ਜਾਣਗੇ।

ਆਪਣੀ ਹਉਮੇ ਦੇ ਫਿਰ ਝੰਡੇ ਝੁਲਾਏ ਜਾਣਗੇ।

 

ਸੋਚ ਦਾ ਦੀਵਾ ਤਾਂ ਜਗਦਾ ਰੱਖ ਸਕੇ ਨਾ ਰਾਤ ਭਰ

ਸ਼ਾਇਰੀ ਅੰਦਰ ਕਈ ਸੂਰਜ ਚੜ੍ਹਾਏ ਜਾਣਗੇ।

 

ਵਗਦੀਆਂ ਪੌਣਾਂ ਨੂੰ ਹੋਈ ਕੈਦ ਤੇ ਅੱਗਾਂ ਬਰੀ

ਫੈਸਲੇ ਹੁਣ ਇਸ ਤਰਾਂ ਏਥੇ ਸੁਣਾਏ ਜਾਣਗੇ।

 

ਕੀ ਪਤਾ ਕਿੰਨੇ ਵਸੇਬੇ ਜਾਣਗੇ ਉੱਜੜ ਉਦੋਂ

ਬਸਤੀਆਂ ਖਾਤਰ ਜਦੋਂ ਜੰਗਲ ਕਟਾਏ ਜਾਣਗੇ।

 

ਯਾਦ ਰੱਖ ਓਨੇ ਹੀ ਕੰਡੇ ਪੈਣਗੇ ਚੁਗਣੇ ਕਦੇ

ਤੇਰਿਆਂ ਰਾਹਾਂ ‘ਚ ਜਿੰਨੇ ਫੁੱਲ ਵਿਛਾਏ ਜਾਣਗੇ।

📝 ਸੋਧ ਲਈ ਭੇਜੋ