(1)
ਨਹਿਰਾਂ ਨਿੱਕੀਆਂ ਨੇ, ਲਗਦੀਆਂ ਲੰਮੀਆਂ ਵੋ।
ਮੈਂਡੇ ਆਂਗਣ 'ਚ ਝੁੰਮਰ ਤੇ ਸੰਮੀਆਂ ਵੋ।
ਇਸ ਸ਼ਹੁ ਦਾ ਭੇਦ ਬੇਗਾਨਾ ਨਹੀਂ,
ਗੱਲ ਕੀਤੀ ਝੱਖੜੀਂ ਕੰਮੀਆਂ ਵੋ।
ਤੇਰੇ ਬਾਗ਼ੀ ਰਸਣ ਮੁਸੰਮੀਆਂ ਵੋ।
ਚੁੱਕੀਂ ਪਲਕਾਂ ਮਧੁਰ ਸੁਵੰਨੀਆਂ ਵੋ।
ਓਵੇਂ ਸ਼ੁਤਰ ਤੇਰੇ ਦਰਵੇਸ਼ ਹੋਏ,
ਓਵੇਂ ਵਾਟਾਂ ਤਿੱਖੀਆਂ ਖੰਨੀਆਂ ਵੋ।
ਤੂੰ ਵਾਟ ਮੈਂਡੀ ਦਾ ਜ਼ਾਮਨ ਹੈਂ,
ਹੱਭੋ ਗੱਲੀਂ ਮੈਂ ਤੈਂਡੀਆਂ ਮੰਨੀਆਂ ਵੋ।
ਉਸ ਰਣ ਵਿਚ ਮੇਰੀ 'ਵਾਜ ਹਈ,
ਉਸ ਧੂੜ 'ਤੇ ਅੱਖੀਆਂ ਜੰਮੀਆਂ ਵੋ।
ਮੈਂਡੇ ਆਂਗਣ ਫ਼ਕੀਰਾਂ ਦਾ ਯੁਮਨ ਓਈ,
ਆ ਝੱਖੜਾਂ ਬਾਹੀਂ ਭੰਨੀਆਂ ਵੋ।
ਸ਼ਹੁ ਭਰਿਆ, ਕੁਸੰਭੜਾ ਸਿਖਰ ਭਖੇ,
ਪੈਰੀਂ ਬੈਠ ਧਮਾਲਾਂ ਨੇ ਬੰਨ੍ਹੀਆਂ ਵੋ।
ਪਈ ਪਲਕ ਥਲਾਂ ਦੀ ਅੱਗ ਸੁੱਟੇ,
ਛਾਵਾਂ ਘਣੀਆਂ ਦੇ ਹੇਠਾਂ ਨੇ ਚੰਨੀਆਂ ਵੋ।
ਸਿਰ ਗੁੰਬਦ ਬਿਨ ਪਰਛਾਵੇਂ ਦੇ,
ਉੱਤੇ ਕਾਲ ਦੀ ਖੋਪਰੀ ਥੰਮ੍ਹੀਆਂ ਵੋ।
ਉੱਠੀ ਹੇਕ ਕੁਹਾਰਾਂ ਦੀ ਡੁੱਬ ਮੋਈ,
ਕੁੜੇ ਸਾਂਭ ਥਲਾਂ ਦੀਆਂ ਕੰਨੀਆਂ ਵੋ।
ਓਵੇਂ ਉਡਦਾ ਤੇਰਾ ਬਾਜ਼ ਪਿਆ,
ਓਵੇਂ ਯਾਦ ਕਰੇਂਦੀਆਂ ਧੰਮੀਆਂ ਵੋ।
ਬੇਸ਼ਕ ठे ਪੱਤਣੀਂ ਸ਼ੀਂਹ ਸੁੱਤੇ,
ਓਵੇਂ ਦੀਵੇ ਜਗਦੇ ਬੰਨੀਆਂ ਵੋ।
(2)
ਇੱਕੋ ਰਮਜ਼, ਤੇ ਗੱਲਾਂ ਕਿੰਨੀਆਂ ਵੋ।
ਦਰ ਉਹੀਓ ਜਦੋਂ ਦੀ ਵਿੰਨ੍ਹੀਆਂ ਵੋ।
ਓਨੀ ਮਲਕ1 ਦੇ ਤਖ਼ਤਾਂ 'ਤੇ ਰਾਖ ਪਈ,
ਤੇਗਾਂ ਚੁੰਮੀਆਂ ਫ਼ਕੀਰਾਂ ਨੇ ਜਿੰਨੀਆਂ ਵੋ।
ਧੂਹ ਲਰਜ਼ੇ ਦੇ ਵਿਹੜੇ 'ਚੋਂ ਅਣੀਆਂ ਦੋ
ਕਿਸੇ ਜਿਗਰ ਮੇਰੇ ਵਲ ਸਿੰਨ੍ਹੀਆਂ ਵੋ।
ਕੋਈ ਕੱਪਰ ਲਹੂ ਭਿਆਨ ਦਿਸੇ,
ਸਾਨੂੰ ਪੈੜਾਂ ਦਿਸਣ ਦੋ ਭਿੰਨੀਆਂ ਵੋ।
ਚੁੱਪ ਰਹਿ ਤੂੰ ਬੋਲ ਨ ਬਿਰਖਾਂ ਨੂੰ,
ਬਸ ਗੱਲਾਂ ਨੇ ਓਨੀਆਂ ਜਿੰਨੀਆਂ ਵੋ।
ਐਵੇਂ ਮਾਰ ਨ 'ਵਾਜ ਫ਼ਕੀਰਾਂ ਨੂੰ,
ਛਾਵਾਂ ਲੰਮੀਆਂ ਅਸਾਂ ਨੇ ਪਿੰਘਿੰਨੀਆਂ ਵੋ।
ਇਹ ਘੁੰਮਨਘੇਰ ਹਸ਼ਰ ਦੀ ਹੈ,
ਮੈਂ ਨਾਲ ਪਲਕ ਦੇ ਵਿੰਨ੍ਹੀਆਂ ਵੋ।
ਨਾਲੇ ਰਾਹ ਅਸਰਾਰਾਂ ਦੇ ਦਸਦੇ ਰਹੇ,
ਨਾਲੇ ਬਹਿ ਮੁਰਗਾਬੀਆਂ ਰਿੰਨ੍ਹੀਆਂ ਵੋ।
1. ਮਲਕ = ਮਲਕੁਲ ਮੌਤ।
(3)
ਗੱਲਾਂ ਦਰਦ ਦੀਆਂ ਅੱਜ ਗਿਣੀਆਂ ਵੋ,
ਡੂੰਘਾਂ ਸ਼ਹੁ ਦਰਿਆਵਾਂ ਨੇ ਮਿਣੀਆਂ ਵੋ।
ਕਿਉਂ ਨੀਂਦ 'ਚ ਫ਼ਜਰ ਮੁਰੀਦਾਂ ਦੀ,
ਕਿਉਂ ਤੀਰ ਦਗੇ ਹੱਥ ਕਿਣੀਆਂ ਵੋ ?
“ਕਿਉਂ ਜ਼ਾਤ ਅੱਲਾ ਦੀ ਆਖ਼ਿਰ 'ਤੇ ?''
ਗੱਲ ਸੁਣੀਂ ਸ਼ਰਾ ਦੇ ਰਿਣੀਆਂ ਵੋ।
ਝੁੰਡ ਬਿਰਖੀਂ 'ਵਾਜ ਮੁਹੱਬਤਾਂ ਦੀ,
ਥੰਮ੍ਹ ਭਖਦੇ, ਨੀਹਾਂ ਚਿਣੀਆਂ ਵੋ।
ਉਹ ਰਾਤ ਕਹਿਰ ਦੀ ਸਰਸਾ 'ਤੇ,
ਕੋਈ ਬਾਜ਼ ਉੱਡੇ ਵਿਚ ਕਿਣੀਆਂ ਵੋ।
(4)
ਮੈਂ ਡਾਢੀਆਂ ਬਾਹੀਂ ਘੁੱਟੀਆਂ ਵੋ,
ਸੁੱਤੀ ਸਿਖਰ ਦੁਪਹਿਰਾਂ ਨੂੰ ਉੱਠੀਆਂ ਵੋ।
ਹਾਂ, ਬਾਕੀ ਅਜੇ ਜਨੂੰਨ ਕਿਤੇ,
ਜਿੰਦ ਜਾਨ ਸਾਰੀ ਹੀ ਲੁੱਟੀਆਂ ਵੋ।
ਉਹ ਤਕਦਾ ਪਿਆ ਧਮਾਲ ਮਿਰੀ,
ਘੁੰਡ ਕੱਢ ਮਾਹੀ ਨਾਲ ਰੁੱਠੀਆਂ ਵੋ।
ਪਿਆ ਸਿਖਰ ਮੁਲਕ ਦਾ ਢੋਲ ਸੁਣੇ,
ਫੁੱਲ ਚੁੱਕ ਮਾਹੀ ਦਾ ਸੁੱਤੀਆਂ ਵੋ।
ਵਿਚ ਚਾਰ ਜੁਗਾਂ ਦੇ ਹੌਲ ਘਿਰੀ,
ਅੱਜ ਲਸ਼ਕਰ ਵਸਲ ਦੇ ਕੁੱਠੀਆਂ ਵੋ।
ਕੋਈ ਨਾਦ ਭਿਆਨ ਵਰੋਲਾ ਹੈ,
ਚੱਕ ਧਰ 'ਤੇ ਧੂੜਾਂ ਪੁਠੀਆਂ ਵੋ।
ਹਨ ਸੁਖਨ ਅੱਲਾ ਦੇ ਨਾਲ ਮੇਰੇ,
ਤੇਰੇ ਰਾਹ ਦੁਸ਼ਵਾਰ ਨ ਹੁੱਟੀਆਂ ਵੋ।
ਪਏ ਵਰਜੋ, ਮੁੜਾਂ ਨ ਪੁੱਠੀਆਂ ਵੋ।
ਗੱਲਾਂ ਜਾਨ ਮੇਰੀ 'ਤੇ ਟੁੱਟੀਆਂ ਵੋ ।
ਇਹ ਹਿਜਰ ਤੇਰਾ ਤੇ ਬੋਲ ਮੇਰਾ,
ਸਾਂਝਾਂ ਹੁੱਲ ਪੱਤਿਆਂ ਜਿਉਂ ਉੱਠੀਆਂ ਵੋ।
ਇਹ ਕੌਲ ਮੇਰੇ ਦਰਿਆਵਾਂ ਦੇ,
ਘੁੱਟ ਜਲ ਬਲ ਸਾਂਭੇ ਮੁੱਠੀਆਂ ਵੋ।
ਹਿੱਕੋ ਬੋਲ ਤੁਹਾਡਾ ਜ਼ਾਮਨ ਹਈ,
ਭਾਵੇਂ ਜੁਗ ਜੁਗ ਪੈਣ ਤਰੁੱਟੀਆਂ ਵੋ।
(5)
ਫੁੱਲ ਤੋੜ ਸ਼ਰਾ ਤੇ ਹੱਸੀਆਂ ਵੋ,
ਗੱਲਾਂ ਕੰਨ ਵਿਚ ਨਬੀ ਨੂੰ ਦੱਸੀਆਂ ਵੋ।
ਇਹ ਉਮਰ ਕਸੁੰਭੇ ਦਾ ਫੁੱਲ ਦਸਦੇ,
ਤਾੜੀ ਮਾਰ ਨਬੀ ਤੇ ਹੱਸੀਆਂ ।
ਬੂਹਾ ਛੋਡ ਅੱਲਾ ਦਾ ਨੱਸੀਆਂ ਵੋ !
ਗੱਲਾਂ ਮੁੜ ਵਤਨਾਂ ਦੀਆਂ ਰੱਸੀਆਂ ਵੋ !
ਇਕ ਕੋਲ ਜਨੂੰਨ ਥਲਾਂ ਦਾ ਹੈ,
ਇਕ ਰੰਗ ਕਸੁੰਭੇ ਦੇ ਡੱਸੀਆਂ ਵੋ।
ਹਾਂ ! ਤੁਸੀਂ ਫ਼ਕੀਰ ਦੁਨੀ ਦੇ ਹੋ,
ਮੈਂ ਬਾਂਹ ਡਾਢੀ ਨੇ ਕੱਸੀਆਂ ਵੋ।
ਮੈਨੂੰ ਵਰਜਨ ਵਾਲੇ ਵਰਜ ਰਹੇ,
ਤੇਰੇ ਬਾਗ਼ ਸੁਹਾਣੇ 'ਚ ਫੱਸੀਆਂ ਵੋ