ਮਸਤਾਂ ਦੇ ਸਾਕੀ ਅਜ ਬੇੜੇ ਤਰਾਈ ਜਾਂਦਾ, ਭਰ ਭਰ ਪਿਲਾਈ ਜਾਂਦਾ
ਜਾਮ ਜ਼ਹੂਰ ਵਾਲੀ ਨਹਿਰ ਚਲਾਈ ਜਾਂਦਾ, ਬਦਲੀ ਬਰਸਾਈ ਜਾਂਦਾ
ਜ਼ੁਲਫ਼ਾਂ ਦੇ ਸੰਗਲ ਪਾਕੇ, ਅਬਰੂ ਦੀ ਬਰਛੀ ਲਾਕੇ, ਨੈਣਾਂ ਦੇ ਤੀਰ ਚਲਾਕੇ,
ਚਿੜੀਆਂ ਦੇ ਕੋਲੋਂ ਖ਼ੂਨੀ ਬਾਜ਼ ਕੁਹਾਈ ਜਾਂਦਾ, ਕਤਲ ਮਚਾਈ ਜਾਂਦਾ
ਬੇਪਰਵਾਹ ਦੇ ਚਾਲੇ, ਗੂਹੜੀਆਂ ਰਮਜ਼ਾਂ ਵਾਲੇ, ਸੋਹਣੇ ਬੇਹਦ ਮਤਵਾਲੇ,
ਮਿਟੀ ਦਾ ਜ਼ਰਾ ਸੂਰਜ ਨਾਲੋਂ ਚਮਕਾਈ ਜਾਂਦਾ, ਤੌਰ ਜਲਾਈ ਜਾਂਦਾ
ਦੱਸਾਂ ਕੀ ਸ਼ਾਨ ਉਸਦਾ, ਆਸ਼ਕ ਰਹਿਮਾਨ ਉਸਦਾ, ਜ਼ਾਮਨ ਕੁਰਾਨ ਉਸਦਾ,
ਨੈਣਾਂ ਤੋਂ ਛਪਕੇ ਖ਼ੂਨੀ ਤੀਰ ਚਲਾਈ ਜਾਂਦਾ, ਬਿਜਲੀ ਗਰਾਈ ਜਾਂਦਾ
ਸੋਹਣਾ ਜਦ ਸੈਰ ਨੂੰ ਆਂਦਾ, ਕਿਆਮਤ ਦੀ ਸ਼ਾਨ ਵਖਾਂਦਾ, ਕਸਮ ਬਾਜ਼ਨੀ ਫਰਮਾਂਦਾ,
ਕਬਰਾਂ ਦੇ ਮੁਰਦੇ ਠੋਕਰ ਮਾਰ ਜਗਾਈ ਜਾਂਦਾ, ਅਰਸ਼ ਹਲਾਈ ਜਾਂਦਾ
ਹਸ਼ਮਤ ਕੀ ਗਲ ਸੁਣਾਵੇ, ਸੋਹਣਾ ਜਦ ਕਰਮ ਕਮਾਵੇ, ਬਰਦਿਆਂ ਨੂੰ ਤਖਤ ਬਹਾਵੇ,
ਆਤਸ਼ ਖਲੀਲ ਤਾਈਂ ਜੰਨਤ ਬਨਾਈ ਜਾਂਦਾ, ਜਲਵਾ ਦਖਾਈ ਜਾਂਦਾ