ਤੂੰ ਗ਼ਮ ਦੀ ਰਾਹੇ ਟੁਰਿਆ ਜਾ ਚਾਵਾਂ ਦੇ ਸ਼ਹਿਰ ਵਸਾਈ ਜਾ
ਦੁਨੀਆ ਦੇ ਦੁੱਖੜੇ ਸਹਿੰਦਾ ਜਾ ਤੇ ਹਾਸੇ ਫ਼ਿਰ ਖਿੰਡਾਈ ਜਾ
ਨੈਣਾਂ ਦੇ ਖੂਹੇ ਜੋਈ ਜਾ ਉਲਫ਼ਤ ਦੀ ਗਾਧੀ ਵਾਹੀ ਜਾ
ਸੱਧਰਾਂ ਦੇ ਸੁੱਕ ਕਿਆਰੇ ਨੂੰ ਹੰਝੂਆਂ ਦਾ ਪਾਣੀ ਲਾਈ ਜਾ
ਕੋਈ ਵਸਦੇ ਵਸੇ ਨਾ ਵਸੇ ਕੋਈ ਰੋਗ ਦਿਲੇ ਦਾ ਨਾ ਦੱਸੇ
ਫ਼ਿਕਰਾਂ ਦੀਆਂ ਇੱਟਾਂ ਲਾ ਲਾ ਕੇ ਤੂੰ ਉਲਫ਼ਤ ਮਹਿਲ ਬਨਾਈ ਜਾ
ਕੋਈ ਵੈਰ ਨੂੰ ਜੱਫਾ ਪਾਂਦਾ ਰਹੇ ਕੋਈ ਮੱਤ ਨੂੰ ਆਂਹਦਾ ਰਹੇ
ਤੂੰ ਪਿਆਰ ਬਨੇਰੇ ਬਹਿ ਕੇ ਤੇ ਬੱਸ ਪਿਆਰ ਭੁਲੇਖੇ ਪਾਈ ਜਾ
ਉਹ ਬੋਲੇ ਬੋਲੇ ਨਾ ਬੋਲੇ ਪੱਟ ਨੈਣਾਂ ਦੇ ਉਹ ਨਾ ਖੋਲੇ
ਤੂੰ ਪ੍ਰੇਮ ਦੀ ਮਾਲ਼ਾ ਜਪਦਾ ਰਹੋ ਉਸ ਗਲੀਏ ਫੇਰੇ ਪਾਈ ਜਾ
ਕੋਈ ਸੁਣਦਾ ਸੁਣਦਾ ਨਹੀਂ ਸੁਣਦਾ ਕੋਈ ਅਣਸੁਣਿਆ ਸੁਣ ਲੈਂਦਾ ਏ
ਤੂੰ ਪਿਆਰ ਦੀ ਵੰਝਲੀ ਮੂੰਹ ਲਾ ਕੇ ਬੱਸ ਮਿਠੀ ਤਾਣ ਸੁਨਾਈ ਜਾ
ਕੀ ਆਕੜ ਛਾਕੜ ਦੇਣਾ ਐਂ ਕੀ ਛੇਕੜ ਦੇਣਾ ਐਂਂ
ਇਸ ਪ੍ਰੇਮ ਨਗਰ ਦਾ ਬਣ ਜੋਗੀ ਦੁਨੀਆ ਤੋਂ ਵੈਰ ਮੁਕਾਈ ਜਾ
ਉਹ ਆਵੇ ਆਵੇ ਨਾ ਆਵੇ ਉਹ ਭੁੱਲ ਕੇ ਨਾ ਪਾਵੇ
ਤੂੰ ਰਾਂਝਾ ਬਣ ਕੇ ਵੇਲੇ ਦਾ ਨਗਰੀ ਵਿਚ ਫੇਰਾ ਪਾਈ ਜਾ
ਅਹਿਸਾਨ ਦਾ ਬੂਹਾ ਖੋਲ੍ਹੀ ਰੱਖ ਦੁੱਖ ਘਟਦਾ ਘਟਦਾ ਘਟ ਜਾਂਦਾ
ਇਹ ਜਿੰਦੜੀ ਪਿਆਰ ਸੁਨੇਹੁੜਾ ਏ ਇਸ ਦੁਨੀਆ ਨੂੰ ਸਮਝਾਈ ਜਾ