ਮੈਂ ਕਦੋਂ ਚਾਹਿਆ ਸੀ ਲੜਨਾ
ਮੈਂ ਤਾਂ ਚਾਹੁੰਦਾ ਸਾਂ
ਸਿਆਲ ਦੀ ਸ਼ਾਮ ਨੂੰ
ਚਾਹ ਦੀਆਂ ਚੁਸਕੀਆਂ ਭਰਦਿਆਂ
ਕਵਿਤਾ ਦੀ ਕਿਸੇ ਸਤਰ ਵਿੱਚ ਗੁਆਚ ਜਾਣਾ
ਰਾਹਤ ਫ਼ਤਿਹ ਖਾਨ ਦੇ
ਗ਼ਲੇ ਦੀਆਂ ਮੁਰਕੀਆਂ ਨਾਲ ਝੂਮਣਾ
ਢਲੀ ਰਾਤ
ਬੀਵੀ ਬੱਚਿਆਂ ਨੂੰ
ਕਲਾਵੇ ਚ ਲੈ
ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ
ਅਨੰਤ ਆਨੰਦ ਜ਼ਿੰਦਗੀ ਜਿਉਣਾ
ਮੇਰੇ ਕੋਲ ਛੋਟੇ ਛੋਟੇ ਸੁਪਨੇ ਸਨ
ਭੋਰਾ ਭੋਰਾ ਖਾਹਿਸ਼ਾਂ ਸਨ
ਟੁਕੜਾ ਟੁਕੜਾ ਲੋੜਾਂ ਸਨ
ਜਿਨ੍ਹਾਂ ਦੀ ਪੂਰਤੀ ਲਈ
ਮੈਂ ਸਵੇਰੇ ਕੰਮ ਤੇ ਜਾਣਾ ਸੀ।
ਸ਼ਾਮੀ ਘਰ ਪਰਤ ਆਉਣਾ ਸੀ
ਮੇਰੇ ਚੰਗੇ ਭਵਿੱਖ ਲਈ
ਦਿਨ ਰਾਤ
ਸਾਈਕਲ ਦੇ ਪਹੀਏ ਵਾਂਗ
ਗਿੜੇ ਬਾਪੂ ਦੇ
ਝੁਰੜੀਆਂ ਭਰੇ ਚਿਹਰੇ ਤੇ
ਇੱਕ ਮੁਸਕਾਨ ਸਜਾਉਣੀ ਸੀ
ਮੈਂ ਕਦ ਚਾਹਿਆ ਸੀ ਲੜਨਾ
ਸਭ ਕੁਝ
ਮਨਮਰਜ਼ੀ ਮੁਤਾਬਕ ਥੋੜਾ ਹੁੰਦਾ ਹੈ
ਜਦੋਂ ਮਾਸਾ ਕੁ ਲੋੜਾਂ ਨੂੰ
ਪੂਰਾ ਕਰਨ ਲਈ
ਕਿਸੇ ਹੋਰ ਦੀਆਂ ਸੱਧਰਾਂ ਨੂੰ ਲੁੱਟਣਾ ਪਿਆ
ਆਪਣਿਆਂ ਦੇ ਮੱਥੇ ਤੇ
ਖੁਸ਼ੀ ਲਿਖਣ ਲਈ
ਕਿਸੇ ਹੋਰ ਦਾ ਚਿਹਰਾ ਵਲੂੰਧਰਣਾ ਪਿਆ
ਆਪਣੀ ਖੁਸ਼ੀ ਪੁਗਾਉਣ ਲਈ
ਕਮੀਨਗੀਆਂ ਦੀ ਗਾਥਾ ਲਿਖਣੀ ਪਈ
ਉਦੋਂ ਸਮਝ ਆਈ ਸੀ
ਬੰਦਾ ਚਾਹੇ ਨਾ ਚਾਹੇ
ਉਸ ਦੇ ਮੱਥੇ ਤੇ
ਖੁਣ ਦਿੱਤੀ ਜਾਂਦੀ ਹੈ ਲੜਾਈ
ਤਕਦੀਰ ਵਾਂਗ
ਜਿੰਨ੍ਹਾ ਮਰਜ਼ੀ ਅੱਖ ਬਚਾ ਕੇ ਲੰਘੇ ਬੰਦਾ
ਐਨ ਸਾਹਮਣਿਓਂ ਆਣ ਕੇ
ਟੱਕਰਦੀ ਹੈ ਲੜਾਈ
ਜਿਸ ਨੂੰ ਲੜੇ ਬਿਨਾਂ
ਫਿਰ ਕੋਈ ਚਾਰਾ ਨਹੀਂ ਰਹਿੰਦਾ
ਹਾਂ ਮੈਂ ਨਹੀਂ ਚਾਹਿਆ ਸੀ ਲੜਨਾ
ਪਰ ਹੁਣ ਲੜੇ ਬਿਨਾਂ
ਸਰਨਾ ਵੀ ਨਹੀਂ ਹੈ
ਇਸੇ ਲਈ ਇਸ ਜੰਗ ਤੋਂ ਟਾਲਾ ਵੱਟਣਾ ਵੀ ਨਹੀਂ
ਆਪਣੇ
ਛੋਟੇ ਛੋਟੇ ਸੁਪਨਿਆਂ ਦੀ ਹਿਫ਼ਾਜ਼ਤ ਲਈ
ਭੋਰਾ ਭੋਰਾ ਖਾਹਿਸ਼ਾਂ ਦੀ ਸਲਾਮਤੀ ਲਈ
ਮੈਂ ਇਸ ਜੰਗ ਨੂੰ ਪਿੱਠ ਨਹੀਂ ਦੇਵਾਂਗਾ
ਮੈਂ ਲੜਾਂਗਾ
ਅਸੀਂ ਲੜਾਂਗੇ