ਜਦ ਸੀ ਬੱਚਪਨ ਤੇ ਮੌਜਾਂ ਮਾਣਦੇ ਸੀ ।
ਭਾਵੇਂ ਦਰ ਦਰ ਖ਼ਾਕ ਛਾਣਦੇ ਸੀ ।।
ਨਾ ਡਰ ਤੇ ਨਾ ਜਿੰਮੇਦਾਰੀਆਂ ਸੀ ।
ਹਰ ਪਲ ਖੇਡਣ ਦੀਆਂ ਤਿਆਰੀਆਂ ਸੀ ।
ਹੁੰਦੀ ਯਾਰਾਂ ਦੀ ਅਮੀਰੀ ਸੀ ।
ਭਾਵੇਂ ਪੈਸੇ ਪੱਖੋਂ ਫ਼ਕੀਰੀ ਸੀ ।
ਮਸਤੀ 'ਚ ਹੱਸਦੇ ਗਾਉਂਦੇ ਸੀ ।
ਮਾਪੇ ਵੀ ਲਾਡ ਲਡਾਉਂਦੇ ਸੀ ।
ਕੰਮ ਖੇਡਣਾ ਸੀ ਤੇ ਪੜ੍ਹਨਾ ਸੀ ।
ਯਾਰਾਂ ਬੇਲੀਆਂ ਦੇ ਨਾਲ ਲੜਨਾ ਸੀ ।
ਦਾਦੀ ਮਾਂ ਕਹਾਣੀਆਂ ਸੁਣਾਉਂਦੀ ਸੀ ।
ਸਾਨੂ ਰੁਸਿਆਂ ਨੂੰ ਮਨਾਉਂਦੀ ਸੀ ।
ਪਰ ਜਦ ਤੋਂ ਅਸੀਂ ਜਵਾਨ ਹੋਏ ।
ਬਸ ਉਦੋਂ ਤੋਂ ਹੀ ਪ੍ਰੇਸ਼ਾਨ ਹੋਏ ।
ਖੇਡਾਂ ਖੇਡਣੀਆਂ ਸਭ ਰਹਿ ਗਈਆਂ ।
ਜਿੰਮੇਦਾਰੀਆਂ ਜਦੋਂ ਦੀਆਂ ਪੈ ਗਈਆਂ ।
ਉਤੋਂ ਕਰਵਾ ਕੇ ਵਿਆਹ ਚਾਵਾਂ ਨਾਲ ।
ਤੋੜ ਲਿਆ ਨਾਤਾ ਭਰਾਵਾਂ ਨਾਲ ।
ਹੁਣ ਕੋਈ ਨਾ ਸਾਨੂ ਪਿਆਰ ਕਰੇ ।
ਹੁਣ ਰਹਿੰਦੇ ਹਾਂ ਬਸ ਮਰੇ ਮਰੇ ।
ਹੁਣ ਕੰਮ ਵੀ ਦਿਨ ਭਰ ਕਰਦੇ ਹਾਂ ।
ਪਰ ਫਿਰ ਵੀ ਡਰ ਡਰ ਮਰਦੇ ਹਾਂ ।
ਹੁਣ ਪੈਸੇ ਤੋਂ ਅਮੀਰੀ ਹੈ ।
ਪਰ ਯਾਰਾਂ ਤੋਂ ਫ਼ਕੀਰੀ ਹੈ ।
ਆਪੇ ਹੱਸਦੇ ਹਾਂ ਆਪੇ ਗਾਉਂਦੇ ਹਾਂ ।
ਮਨ ਰੁਸਿਆ ਆਪ ਮਨਾਉਂਦੇ ਹਾਂ ।
ਪਿਆਰ ਲੱਭਦੇ ਹਾਂ ਪਰ ਲੱਭਦਾ ਨਹੀਂ ।
ਮੁਖ ਸੋਹਣਾ ਏ ਪਰ ਫ਼ੱਬਦਾ ਨਹੀਂ ।
ਜੋ ਮਿਲਦਾ ਹੈ ਉਹ ਖਾਂਦੇ ਹਾਂ ।
ਇਹੋ ਜਿੰਦਗੀ, ਮਨ ਸਮਝਾਉਂਦੇ ਹਾਂ ।