ਮੌਲਾ ਖ਼ੈਰ ਗੁਜ਼ਾਰੇ

ਮੌਲਾ ਖ਼ੈਰ ਗੁਜ਼ਾਰੇ ਜੰਗਾਂ ਮੁੜ ਛਿੜੀਆਂ ਕਿ ਛਿੜੀਆਂ,

ਕੌਮਾਂ ਮੁੜ ਭਿੜੀਆਂ ਕਿ ਭਿੜੀਆਂ

ਦੂਰ ਕਿਤੇ ਗੱਜਦੇ ਨੇ ਜਿਹੜੇ,

ਵੱਸੇ ਜਦ ਵਿਹੜੇ

ਕੀ ਹੋਵੇਗਾ

ਕੀ ਕਰਾਂਗੇ

ਕੀ ਬਣੇਗਾ

ਕਿਧਰ ਜਾਂਗੇ

ਘੁਲ ਮਿਲ ਆਏ ਚਾਰ ਚੁਫ਼ੇਰੇ ਬੱਦਲ ਜਦੋਂ ਸਵਾਹਰੇ

ਮੌਲਾ ਖ਼ੈਰ ਗੁਜ਼ਾਰੇ

ਦਿਲ ਆਖੇ ਇਹ ਵਸਦੀ ਦੁਨੀਆਂ

ਹੱਸਦੀਆਂ ਰਸਦੀਆਂ ਇਨਸਾਨਾਂ ਦੀਆਂ ਨਸਲਾਂ

ਸੋਹਣੇ ਸੋਹਣੇ ਖਿੜੇ ਖਿੜੇ ਜਿਹੇ ਮੁਖੜੇ ਪਿਆਰੇ ਪਿਆਰੇ

ਰੱਬ ਜਿਹਨਾਂ ਨੂੰ ਸਭ ਤੋਂ ਚੰਗਾ ਸਭ ਤੋਂ ਸੋਹਣਾ ਆਪੇ ਆਖ ਪੁਕਾਰੇ

ਕੀ ਇਹ ਆਪੋ ਵਿਚ ਲੜਕੇ ਮਰ ਜਾਵਣਗੇ ਸਾਰੇ ?

ਮੌਲਾ ਖ਼ੈਰ ਗੁਜ਼ਾਰੇ

ਦਿਲ ਆਖੇ ਇਹ ਨਿਸਰੀਆਂ ਕਣਕਾਂ

ਪੱਕੀਆਂ ਹੋਇਆਂ ਫ਼ਸਲਾਂ

ਤੀਵੀਆਂ ਜਿਨ੍ਹਾਂ ਕੋਲੋਂ,

ਮੰਗਣ ਰੂਪ ਹੁਦਾਰੇ

ਮੁੜ ਸਾਉਣੀ ਦੀਆਂ ਕਟਕਾਂ

ਸਿਰੋਂ ਸਿਰੋਂ ਵੀ ਉੱਚੇ ਟਾਂਡੇ

ਲਚਕ ਲਚਕ ਕੇ ਸਰੂਆਂ ਨੂੰ ਸ਼ਰਮਾਂਦੇ

ਆਸੇ ਪਾਸੇ ਲੱਗੀਆਂ ਹੋਈਆਂ,

ਗਿੱਠ ਗਿੱਠ ਨਾਲੋਂ ਲੰਮੀਆਂ ਛੱਲੀਆਂ

ਢਾਕੇ ਲਾ ਕੇ ਬਾਲ ਇਆਣੇ

ਹੋਣ ਜਿਵੇਂ ਮੁਟਿਆਰਾਂ ਖੜੀਆਂ

ਕੀ ਏਨ੍ਹਾਂ ਤੇ ਅਸਮਾਨਾਂ ਤੋਂ ਵੱਸਣਗੇ ਅੰਗਿਆਰੇ ?

ਮੌਲਾ ਖ਼ੈਰ ਗੁਜ਼ਾਰੇ

ਮੈਂ ਸੋਚਾਂ ਇਨ੍ਹਾਂ ਦੇ ਵਿਚੋਂ ਦਾਣਾ ਨਹੀਂ ਹੈ ਉਹਨਾਂ ਜੋਗਾ,

ਜਿਨ੍ਹਾਂ ਕਿਰਤੀਆਂ ਕਿਰਸਾਨਾਂ ਨੇਂ,

ਜੇਠ ਹਾੜ ਦੀਆਂ ਧੁੱਪਾਂ,

ਪੋਹ ਮਾਘ ਦੇ ਪਾਲੇ,

ਆਪਣੇ ਸਿਰ ਤੇ ਜਾਲੇ

ਰੱਤਾਂ ਮੁੜ੍ਹਕੇ ਬਣ ਬਣ ਚੋਈਆਂ

ਮੁੜ੍ਹਕੇ ਨਹਿਰਾਂ ਬਣ ਬਣ ਵੱਗੇ

ਤਾਂ ਇਹ ਫ਼ਸਲਾਂ ਹੋਈਆਂ,

ਤਾਂ ਇਹ ਬੂਟੇ ਲੱਗੇ

ਅੱਜ ਇਨ੍ਹਾਂ ਦਾ ਇੱਕ ਇੱਕ ਸਿੱਟਾ ਇੱਕ ਇੱਕ ਤੀਲਾ

ਸੱਪਾਂ ਦੀਆਂ ਜੀਭਾਂ ਬਣ ਬਣ ਆਵੇ,

ਸ਼ੂਕ ਸ਼ੂਕ ਕੇ ਪਿਆ ਡਰਾਵੇ

ਮੈਂ ਸੋਚਾਂ ਇਨ੍ਹਾਂ ਦਾ ਸਾਨੂੰ ਕੀ ਰੀਝ, ਕੀ ਚਾ

ਕੀ ਇਨ੍ਹਾਂ ਦਾ ਭਾ,

ਇਹ ਸਾਡੇ ਕਿਸ ਕਾਰੇ ?

ਮੁੜ ਵੀ ਖ਼ੌਰੇ ਕਿਹੜੀ ਗੱਲੇ ਲਗਣ ਪਿਆਰੇ ਪਿਆਰੇ

ਜੀਵਨ ਜੋਗੇ ਦੇਸ਼ ਦੇ ਸੋਹਣੇ ਹੱਸਦੇ ਹੋਏ ਨਜ਼ਾਰੇ

ਤੇ ਮੇਰੇ ਹੋਠਾਂ ਚੋਂ ਨਿਕਲਣ ਲਫ਼ਜ਼ ਇਹ ਆਪ ਮੁਹਾਰੇ,

ਸ਼ਾਲਾ, ਦੂਰ ਰਹਿਣ ਇਨ੍ਹਾਂ ਤੋਂ ਬਿਜਲੀ ਦੇ ਲਿਸ਼ਕਾਰੇ

ਮੌਲਾ ਖ਼ੈਰ ਗੁਜ਼ਾਰੇ

📝 ਸੋਧ ਲਈ ਭੇਜੋ