ਮੌਲਾ ਮੋੜ ਬਹਾਰਾਂ ਟਹਿਕਣ ਫੁੱਲ-ਕਲੀਆਂ।
ਰੁਮਕਣ ਸੰਦਲੀ ਸੁਬਕ ਅਦਾਵਾਂ ਰਾਂਗਲੀਆਂ।
ਰਾਹਜ਼ਨੀਆਂ ਦੇ ਜ਼ਿੰਮੇ ਲਾਈਆਂ ਰਾਹਬਰੀਆਂ,
ਅਮਨ-ਅਮਾਨ ਲਿਔਣ ਬਿਠਾਈਆਂ ਧਾਂਦਲੀਆਂ।
ਸੱਭਿਆਚਾਰ ਬਿਚਾਰਾ ਪੁਛਦਾ ਫਿਰਦਾ ਏ,
ਕਿੱਥੇ ਗਏ ਦਿਲਦਾਰ ਤੇ ਉਹ ਦਰਿਆ ਦਿਲੀਆਂ।
ਰਾਹਜ਼ਨੀਆਂ ਦੇ ਜ਼ਿੰਮੇ ਅਜਕਲ ਰਹਿਬਰੀਆਂ,
ਅਮਨ-ਅਮਾਨ ਕਰੌਣ ਬਿਠਾਈਆਂ ਧਾਂਦਲੀਆਂ।
ਸਾਂਝਾਂ ਦਾ ਮਾਹੌਲ ਉਸਾਰਨ ਵਾਲੇ ਵੀ,
ਨਫ਼ਰਤ ਭਰੀਆਂ ਵਰਤ ਰਹੇ ਸ਼ਬਦਾਵਲੀਆਂ।
ਅਪਣੇ ਖਾਸੇ ਵਿਰਸੇ ਬਾਰੇ ਚਿੰਤਤ ਨੇ,
ਭੈਰਵੀਆਂ, ਸਿ਼ਵਰੰਜਣੀਆਂ ਕੀ ਗੁਣਕਲੀਆਂ।
ਜ਼ਖ਼ਮੀ ਮੰਜਰ ਬਾਰੇ ਜਦ ਵੀ ਬੁਲ੍ਹ ਖੋਲ੍ਹਾਂ,
ਤੜਪਣ ਵਿਆਕੁਲ ਸ਼ਬਦ ਸਣੇ ਅਰਥਾਵਲੀਆਂ।
ਨਵੇਂ ਸਵੇਰੇ ਨਵੇਂ ਭੁਲੇਖੇ ਪਾ ਰਹੀਆਂ,
ਸੰਗਤ-ਦਰਸ਼ਨ ਜੋਦੜੀਆਂ ਸ਼ਰਧਾਂਜਲੀਆਂ।
ਗਾਫਿ਼ਲ ਨੂੰ ਅਸਲੀਅਤ ਦਾ ਦਸਤੂਰ ਕਹੇ,
ਖ਼ਾਬੀਂ ਸਫ਼ਰ ਮੁਕਾਇਆ ਮੰਜ਼ਲਾਂ ਕਦ ਮਿਲੀਆਂ।