ਮੌਸਮ 'ਤੇ ਇਤਬਾਰ ਨਹੀਂ

ਮੌਸਮ 'ਤੇ ਇਤਬਾਰ ਨਹੀਂ ਹੁਣ

ਰਹਿੰਦਾ ਜੋ ਇਕਸਾਰ ਨਹੀਂ ਹੁਣ

ਪੌਣਾਂ ਦੀ ਖਾਮੋਸ਼ੀ ਦੱਸੇ

ਚੜ੍ਹਿਆ ਗਰਦ ਗੁਬਾਰ ਨਹੀਂ ਹੁਣ

ਨੈਣਾਂ ਦੇ ਵਣਜਾਰੇ ਆਖਣ

ਸੱਚਾ ਇਸ਼ਕ ਵਪਾਰ ਨਹੀਂ ਹੁਣ

ਉਸ ਸੁਪਨੇ ਦਾ ਟੁੱਟਣਾ ਬਿਹਤਰ

ਜਿਸ ਹੋਣਾ ਸਾਕਾਰ ਨਹੀਂ ਹੁਣ

ਤਨ ਤੇ ਮਨ ਦਾ ਸੰਗਮ ਬੇਸ਼ਕ

ਰੂਹਾਂ ਲਈ ਦਰਕਾਰ ਨਹੀਂ ਹੁਣ

ਮੋੜ ਸਕਣ ਜਿਹੜੇ ਜਾਂਦੇ ਨੂੰ

ਸ਼ਬਦਾਂ ਵਿੱਚ ਇਸਰਾਰ ਨਹੀਂ ਹੁਣ

ਉਹ ਕੀ ਜਾਣੇ ਪਿਆਰ ਮੁਹੱਬਤ

ਜਿਸ ਨੂੰ ਇਸ ਦੀ ਸਾਰ ਨਹੀਂ ਹੁਣ।

📝 ਸੋਧ ਲਈ ਭੇਜੋ