ਫੇਰ ਮੇਰੀ ਜਾਨ 'ਤੇ ਲਰਜ਼ੇ
ਨੂਹ ਵੇਲੇ ਦੇ ਪਾਣੀ,
ਕੋਟ ਵਾਰ ਹਫ ਜਿੰਦ ਗਗਨਾਂ ਦੀ
ਮੰਝਧਾਰੀ ਕੁਮਲਾਣੀ।
ਯੁਗਾਂ ਦੇ ਪੈਂਡੇ ਸੁੱਕ ਜਾਵਣ ਦੀ
ਹੂੰਗਰ ਵਿਚ ਗ਼ੁਬਾਰਾਂ।
ਅੰਬਰ ਵੇਖ ਸਕੇ ਨ ਮੈਨੂੰ
ਨਾਂਹ ਧਰਤੀ ਨੂੰ ਸਾਰਾਂ।
ਦੂਰ ਰਿਸ਼ਮ ਯੂਸਫ਼ ਦੀ ਕੋਈ,
ਗਰਜ ਸਾਗਰਾਂ ਖਾਣੀ;
ਔਹ ਡੂਗਰ 'ਤੇ ਸਿਰਾਂ ਨੂੰ ਪਟਕਣ
ਸੈ ਰੂਹਾਂ ਕਨਿਆਨੀ।
ਯੁਗਾਂ ਦੇ ਬਹੂੰ ਅਕੇਵੇਂ ਲੰਮੇ !
ਨਾਂਹ ਰਾਹ ਦਿਸਣ ਨ ਪਾਂਧੀ :
ਸਾਹਾਂ ਦੇ ਵਲ ਚੋਰ ਮੂਰਛਾ
ਵਾਂਗ ਸਰਾਲ ਦੇ ਜਾਂਦੀ।
ਤਾਰੇ ਭੁੱਲ ਰੈਣ ਕੁਈ ਲੱਥੀ
ਕਦੇ ਮੂਰਛਾ ਮੁੱਕੇ।
ਪੰਖੀ ਮੇਘ ਬਿਰਖ ਤੋਂ ਸੁੰਞੇ
ਥਲ ਇਹ ਯੁਗਾਂ ਤੋਂ ਸੁੱਕੇ।
ਨੂਹ ਦਾ ਬੇੜਾ ਤੋੜ ਕੇ ਗਰਜੇ
ਅੰਬਰੋਂ ਪਰੇ ਅੰਧਾਰੀ,
ਦਿਲ ਮੈਂਡੇ ਤੋਂ ਝੱਲ ਨ ਹੋਈ
ਸਮਿਆਂ ਦੀ ਕਿਲਕਾਰੀ।
ਦਿਲ ਮਸਕੀਨ ਦੀ ਕਮਲੀ ਛੋਹ ਤਕ
ਕੁਸਕਣ ਲਸ਼ਕਰ ਦੂਰੋਂ,
ਦੇਸ ਮਾਹੀ ਦਾ ਭੁੱਲ ਜਾਵੇਗਾ
ਸੱਦ ਮੂਸਾ ਬਿਨ ਤੂਰੋਂ।
ਕੋਟ ਅਸੰਖ ਸਮੇਂ ਦੇ ਚੱਕਰ
ਘਿਰੇ ਅੰਧ ਤੁਗਿਆਨੀ,
ਮੌਤ-ਸਿਖਰ ਤੋੜ ਕੇ ਤੱਕਣ
ਕੋ ਤਾਰਾ ਨੂਰਾਨੀ।
ਕਿੰਗਰੇ ਉੱਚ ਪਹਾੜਾਂ ਦੇ ਟੁੱਟ,
ਨੀਮ ਯਾਦ ਸਿਰਿ ਝੁੱਲੇ,
ਗਜਰਾਜਾਂ ਦੇ ਝੁੰਡ ਪੁਰਾਣੇ
ਸੰਘਣੇ ਵਣਾਂ ਨੂੰ ਭੁੱਲੇ।
ਅੰਬਰ ਜਾਣ ਸਕੇ ਨ ਯਾਰੋ,
ਕੌਣ ਕਾਫ਼ਲੇ ਮੋਏ।
ਧਰਤੀ ਨੂੰ ਧੂੜਾਂ ਉਹ ਭੁੱਲੀਆਂ
ਗੌਸ ਵਲੀ ਜਿਨ ਖੋਏ।
ਮੇਰੀ ਹੋਸ਼ ਵਿਚ ਨ ਰਹੀਆਂ
ਮੁੱਢ ਕਦੀਮੀ 'ਵਾਜਾਂ,
ਇਕ ਦਿਨ ਤਾਰੇ ਰੁਲ ਜਾਵਣਗੇ
ਭੁੱਲ ਜਾਸਨ ਮਿਅਰਾਜਾਂ।
ਘਾਇਲ ਹੋਏ ਵਲੀਆਂ ਦੀ ਹੂੰਗਰ
ਲਹਿੰਦੀ ਰੁਕਦੇ ਸਾਹੀਂ।
ਇਕ ਦਿਨ ਮਾਂ ਦੇ ਬੋਲ ਰੁਲਣਗੇ
ਵਿਚ ਕਹੇਲੇ ਕਾਹੀਂ।
ਬੇਪੱਤ ਖੁਲ੍ਹਿਆਂ ਕੇਸਾਂ ਵਾਂਗੂੰ,
ਸੁਹਲ ਜ਼ਿਮੀਂ ਕੁਮਲਾਣੀ।
ਟੁੱਟਦੇ ਸਾਹਾਂ ਵਾਂਗ ਅਸੰਖਾਂ
ਖ਼ਿਆਲ ਡੂੰਘੇਰੇ ਬਾਣੀ।
ਮੇਰੀ ਹੋਸ਼ ਦੇ ਬੂਹੇ ਮੋਈਆਂ
ਮਜ਼੍ਹਬਾਂ ਦੀਆਂ ਪਰਵਾਜ਼ਾਂ।
ਘਾਇਲ ਕਰੇ ਕਸਕਾਂ ਨੇ ਸਾਗਰ
ਸੰਗ ਸੁਹਾਣੇ ਰਾਜ਼ਾਂ।
ਓਢੇ ਹੋਸ਼ ਦੇ ਧੁੰਧੂਕਾਰੇ
ਪੀਰ ਸਮੇਂ ਦਿਆਂ ਭੇਸਾਂ,
ਥਲ 'ਚੋਂ ਕਦੇ ਨ ਚੁੱਕਣ ਆਏ
ਰੋਂਦੀਆਂ ਬਾਲ-ਵਰੇਸਾਂ।
ਸਾਹ-ਹੀਣ ਰੱਤਹੀਣ ਇਕੱਲਾਂ
ਬਰਬਰ ਸੀਨੇ ਖੜੀਆਂ,
ਬੋਲ ਨ ਪੌਣ ਨ ਡਰਵਰ ਭਾਰੀ !
ਕਿੰਞ ਮੰਗਾਂ ਦਿਲਬਰੀਆਂ ?
ਭਸਮ ਹੋਏ ਅਸਮਾਨਾਂ ਦੇ ਵਲ,
ਨੀਮ ਨਜ਼ਰ ਇਕ ਮਾਰਾਂ;
ਨਬੀਆਂ-ਆਂਗਣ ਭਾਂਬੜ ਹਿੱਸਗੇ
ਨ ਹੁੱਲੀਆਂ ਗੁਲਜ਼ਾਰਾਂ।
ਸਮੇਂ ਦੇ ਸੀਸ ਰਾਖ ਵਿਚ ਡੁੱਬੇ
ਖਾਧੇ ਜਿਸਮ ਜ਼ਮੀਰਾਂ,
ਇਕ ਵੀ ਰਾਹ ਦੀ ਟੋਹ ਨ ਦਿੱਤੀ
ਤਹਿਜ਼ੀਬਾਂ ਦੇ ਤੀਰਾਂ।
ਨਾਂਹ ਮੂਰਛਾ ਥਰਹਰ ਕੰਬੇ
ਨਾਂਹ ਤਾਂ ਜਾਨ ਪਿਆਸੀ,
ਹਿੱਕੋ ਸੀਤ ਹਾ ਵਿਚ ਘਿਰੀਆਂ
ਜੂਨਾਂ ਲੱਖ ਚੌਰਾਸੀ।
ਸੀਤ ਹਾ ਦਾ ਭੌਜਲ ਕਾਲਾ
ਪੁਰਸਲਾਤ ਤੋਂ ਸੁੱਟੇ,
ਬੇਬਸ ਕੂਕ ਮੇਰੀ ਲਈ ਤੜਪੇ
ਕਬਰੀਂ ਕਾਲ ਨਿਖੁੱਟੇ।
ਭਾਰ ਪਹਾੜਾਂ ਹੇਠਾਂ ਸੁੱਤੇ
ਬਾਲ-ਵਰੇਸ ਦੇ ਹਾਣੀ !
ਮਲ੍ਹਿਆਂ ਦੇ ਵਿਚ ਨਦੀਆਂ ਸਾਮ੍ਹੇ
ਮੰਗਦੇ ਮਰ ਗਏ ਪਾਣੀ।
ਮੋਇਆਂ ਲਈ ਹੰਝੂ ਨ ਆਵਣ
ਨ ਮੂਰਛਾ ਡੋਲੇ ।
ਕਬਰਾਂ ਤਾਣ ਦਿੱਤੇ ਲੋਹ-ਤੰਬੂ
ਧੁੰਧੂਕਾਰ ਨ ਬੋਲੇ।
ਕਦੇ ਕਦੇ ਲਿਸ਼ਕੇ ਇਕ ਕਤਰਾ
ਨ੍ਹੇਰ ਦਾ ਭੌਜਲ ਲੰਘੇ।
ਰੰਗ-ਫੁਹਾਰ ਵਰ੍ਹੇ ਜਦ ਕੋਈ
ਵਾਟ ਥਲਾਂ ਦੀ ਹੰਭੇ।
ਮੇਰੀ ਮੂਰਛਾ ਨੂੰ ਸੀ ਬੰਨ੍ਹਿਆ
ਉਂਞ ਤਾਂ ਤੇਜ਼ ਅੰਧਾਰੀ।
ਐਪਰ ਗਰਜ ਦੀ ਸੁੰਨ 'ਚੋਂ ਲੰਘਦੀ
ਬੂੰਦ ਮਹੀਨ ਨਿਆਰੀ;
ਪਰਲੈ ਲੰਘ ਜਿਵੇਂ ਕੋਈ ਪਾਂਧੀ
ਰੰਗ ਸਿਦਕ ਦੇ ਥੰਮ੍ਹੇ।
ਵੇਹਣ ਦੁਆਵਾਂ ਨਦੀਆਂ ਕੰਢੇ
ਛਿਪਦੇ ਸੂਰਜ ਵੰਨੇ।
ਦੂਰ ਗੁਫ਼ਾ 'ਚੋਂ ਲੋਇ ਪਿਈਣੀ
ਨਾਜ਼ਕ ਕੰਪਨ ਖਾਏ,
ਜਿਵੇਂ ਕੋਈ ਸੁਪਨੇ ਵਿਚ ਕਤਰਾ
ਬੋਲ ਮਹੀਨ ਅਲਾਏ।
ਬੱਜਰ ਚੁੱਪ ਮੂਰਛਾ ਦੀ 'ਚੋਂ
ਕੁਝ ਹਿੱਲੇ ਪਰਛਾਵੇਂ।
ਤਦੋਂ ਕਿਸੇ ਅਰਦਾਸ ਨੇ ਲਿੱਖੇ
ਜੀਵਨ ਦੇ ਸਿਰਨਾਵੇਂ।
ਫਿਰ ਕੰਨਸੋਅ ਪਈ ਇਕ ਦੂਰੋਂ
ਬਾਣਿ ਵੈਰਾਗਣ ਝੀਣੀ।
ਮੇਰੀ ਮੂਰਛਾ ਦੇ ਵਿਚ ਕੰਬੀ
ਲੰਮੀ ਵਾਟ ਉਡੀਣੀ।
ਨ੍ਹੇਰਾਂ ਦੇ ਝੁਰਮੁਟ ਚੋਂ ਉਠੀਆਂ
ਹੜ੍ਹ ਵਾਂਗੂੰ ਫ਼ਰਿਆਦਾਂ।
ਵੱਡੇ ਥੱਲਾਂ ਦੇ ਸਾਮ੍ਹੇ ਖੜੀਆਂ
ਕੋਟ ਫ਼ਕੀਰੀ ਯਾਦਾਂ।