ਇਹ ਨਫ਼ਰਤ ਦੇ ਪੈਂਡੇ, ਇਹ ਰੋਸੇ, ਉਲਾਂਭੇ

ਇਹ ਮਗ਼ਰੂਰ ਯਾਰੀ, ਇਹ ਜ਼ਿੱਲਤ ਦੇ ਕਾਂਬੇ

ਇਹ ਬੇ-ਪਾਕ ਰਾਹਵਾਂ, ਇਹ ਅਸਮਤ ਦੇ ਝਾਂਭੇ

ਮੈਂ ਵਰ੍ਹਿਆਂ ਤੋਂ ਸੂਲੀ ਦੇ ਦੁਖ ਮਰ ਰਿਹਾ ਹਾਂ

ਉਹ ਕਿਥੇ ਨੇ ਕਿਥੇ ਬੰਦੇ ਖ਼ੁਦਾ ਦੇ ?

ਉਹ ਕਿਥੇ ਨੇ ਹੁਸਨਾਂ ਦੇ ਪਰਦੇ ਹਯਾ ਦੇ ?

ਉਹ ਕਿਥੇ ਨੇ ਨਗ਼ਮੇ ਵਤਨ ਦੀ ਫ਼ਿਜ਼ਾ ਦੇ ?

ਮੈਂ ਵਰ੍ਹਿਆਂ ਤੋਂ ਰੋਂਦੇ ਹੁਸਨ ਵਰ ਰਿਹਾ ਹਾਂ

ਉਹ ਕਿਥੇ ਹੈ 'ਹਾਸ਼ਮ' ਤੇ ਕਿਥੇ ਹੈ 'ਵਾਰਿਸ' ?

ਉਹ ਕਿਥੇ ਹੈ ਮੁਹੱਬਤਾਂ ਦਾ ਨਿੱਘਾ ਜਿਹਾ ਰਸ ?

ਉਹ ਕਿਥੇ ਹੈ ਹਿਜਰਾਂ ਦੀ ਸੁੱਤੀ ਹੋਈ ਢਾਰਸ ?

ਮੈਂ ਰਾਤਾਂ ਵਿਚ ਸੂਰਜ ਦੀ ਲੋ ਕਰ ਰਿਹਾ ਹਾਂ

ਪੰਜੇਬਾਂ ਦੀ ਛਣ ਛਣ ਨਾ ਚਰਖੀ ਦੀ ਘੂਕਰ

ਨਾ ਮਹਿੰਦੀ ਦੀ ਲਾਲੀ, ਝਨਾਵਾਂ ਦੀ ਸ਼ੂਕਰ

ਨਾ ਸਿੱਕਾਂ, ਨਾ ਚਾਵਾਂ, ਨਾ ਤਾਂਘਾਂ ਦੀ ਹੂਕਰ

ਮੈਂ ਵਰ੍ਹਿਆਂ ਤੋਂ ਮੌਤਾਂ ਦੇ ਸਾਹ ਭਰ ਰਿਹਾ ਹਾਂ

ਨਾ ਵੰਝਲੀ, ਨਾ ਬੇਲੇ, ਨਾ ਪਾਲੀ, ਅੱਯਾਲੀ

ਨਾ ਅੰਬਾਂ ਦੇ ਬੂਟੇ, ਨਾ ਕੋਇਲ, ਨਾ ਮਾਲੀ

ਨਾ ਸੋਇਆਂ ਦੇ ਫੁੱਲਾਂ ਤੇ ਟਹਿਕੇ ਹਿਰਾਲੀ

ਮੈਂ ਵਰ੍ਹਿਆਂ ਤੋਂ ਵੀਰਾਨੀਆਂ ਹਰ ਰਿਹਾ ਹਾਂ

ਨਾ ਵਾਰੀ ਸਦਕੜੇ, ਨਾ ਲੋਰੀ ਨਾ ਭੈਣਾਂ

ਨਾ ਮਾਵਾਂ ਦੇ ਦੁੱਧਾਂ 'ਚ ਸ਼ੇਰਾਂ ਦਾ ਰਹਿਣਾ

ਨਾ ਵੀਰਾਂ ਦੇ ਜਜ਼ਬੇ, ਨਾ ਪ੍ਰੀਤਾਂ ਦੀ ਮੈਣਾਂ

ਮੈਂ ਵਰ੍ਹਿਆਂ ਤੋਂ ਕਹਿਰਾਂ ਦੇ ਵਿਚ ਮਰ ਰਿਹਾ ਹਾਂ

ਯਾਰੋ, ਯਾਰੋ ! ਉਹ ਵਾਰਸ ਨੂੰ ਲੱਭੋ

ਕਬਰਾਂ ਵਿਚ ਸੁੱਤੇ ਹੋਏ ਬੇ-ਖ਼ੌਫ਼ ਰੱਬੋ

ਗਲੀਆਂ 'ਚ ਭੌਂਦਾ ਉਹ ਦੀਵਾਨਾ ਲੱਭੋ

ਮੈਂ ਵਰ੍ਹਿਆਂ ਤੋਂ ਸੁੱਕੀ ਝਨਾਂ ਤਰ ਰਿਹਾ ਹਾਂ

ਆਓ, ਆਓ, ਵਤਨ ਨੂੰ ਸੰਭਾਲੋ,

ਉਹ ਕੁਰਲਾਟ ਸਹਿਕੀ ਪ੍ਰੀਤਾਂ ਨੂੰ ਪਾਲੋ,

ਉਹ ਦਰਦਾਂ ਨੂੰ ਛੰਨਾਂ ਜ਼ਹਿਰ ਦਾ ਪਿਆਲੋ,

ਮੈਂ ਹੁਸਨਾਂ ਦੇ ਹੁਸਨਾਂ 'ਚ ਰਸ ਝਰ ਰਿਹਾ ਹਾਂ

📝 ਸੋਧ ਲਈ ਭੇਜੋ