ਮੌਤ ਹੱਥਾਂ ਤੇ ਜਦ ਨਚਾਂਦੀ ਏ।
ਜ਼ਿੰਦਗੀ ਝੂਮ ਝੂਮ ਜਾਂਦੀ ਏ।
ਰਾਤ ਦੇ ਮਾਰਿਓ! ਯਕੀਨ ਕਰੋ,
ਰਾਤ ਵੀ ਨੌਜਵਾਨ ਬਾਂਦੀ ਏ।
ਜ਼ਿੰਦਗੀ ਮੌਤ ਦਾ ਇਹ ਨਾਤਾ ਏ,
ਇਕ ਬਲਾ ਦੂਸਰੇ ਨੂੰ ਖਾਂਦੀ ਏ।
ਖੁਸ਼ਕ ਸਾਹਿਲ ਦਾ ਇਹ ਮੁਕੱਦਰ ਹੈ,
ਅੱਧ 'ਚੋਂ ਲਹਿਰ ਪਰਤ ਜਾਂਦੀ ਏ।
ਕਾਸ਼! ਇਹ ਜੂਏ ਸ਼ੀਰ ਹੀ ਹੋਵੇ,
ਜੋ ਤਮੰਨਾ ਲਹੂ ਰੁਲਾਂਦੀ ਏ।
ਬੂੰਦ ਉਹੋ ਹੀ ਬਣ ਗਈ ਮੋਤੀ,
ਬੂੰਦ ਜੋ ਸਿੱਪ ਵਿਚ ਸਮਾਂਦੀ ਹੈ।
ਝੂਠ ਬੋਲਾਂ ਕਿ ਜਾਨ ਬਚ ਜਾਏ,
ਸੱਚ ਬੋਲਾਂ ਤੇ ਜਾਨ ਜਾਂਦੀ ਏ।
ਮੈਂ ਹੀ ਫਰਹਾਦ ਬਣ ਨਹੀਂ ਸਕਦਾ,
ਇਕ ਨਦੀ ਦੂਰ ਤੋਂ ਬੁਲਾਂਦੀ ਏ।