ਮੈਂ ਜਦੋਂ ਨਵਯੁਵਕ ਸਾਂ
ਤੇ ਪਹਿਲੇ ਪਹਿਲਾ ਪਿਆਰ ਸੀ
ਬੰਨ੍ਹਦੀ ਸੀ ਕਲਪਣਾ
ਪੌਹ-ਫੁਟਾਲੇ ਉੱਤੇ ਦੀ ਸੋਨੇ ਦਾ ਪੁਲ
ਸੁਫ਼ਨਿਆਂ ਦੇ ਜਦ ਫਨੂਸ
ਉੱਡਦੇ ਚੰਨ ਤਾਰਿਆਂ ਤੋਂ ਪਾਰ ਸੀ
ਪਾ ਕੇ ਭਿਖਿਆ ਉਸ ਦੀ ਇਕ ਮੁਸਕਾਣ ਦੀ
ਵਿਸਰ ਜਾਂਦੀ ਸੀ ਮਨੋਂ
ਸੀਮਾ ਸਮੇਂ ਅਸਥਾਨ ਦੀ
ਮੌਤ ਇਕ ਹਲਕਾ ਜਿਹਾ ਅੱਖਰ ਸੀ
ਬਸ
‘ਸਿਰ ਕੰਪਿਉ ਪਗ ਡਗਮਗੇ’
ਜਾਪਦਾ ਸੋਹਣੇ ਨਜ਼ਾਰੇ ਨੇ ਦਿਨੋਂ ਦਿਨ ਵਧ ਰਹੇ
ਕੀ ਕਰਾਂ ਪਰ
ਹਿੱਸਦੀ ਜਾਂਦੀ ਮੇਰੇ ਨੈਣਾਂ ਦੀ ਜੋਤ
ਹੈ ਸਲਾਮਤ ਰੱਬ ਦੀ ਰਚਨਾ ਦਾ ਸਭ ਸੰਗੀਤ
ਪਰ
ਮੁੱਕਦੀ ਜਾਂਦੀ ਹੈ ਮੇਰੀ ਹੀ ਸਰੋਤ
ਆਤਮਾ ਅਤ੍ਰਿਪਤ ਹੈ
ਕੱਚੇ ਧਾਗੇ ਨਾਲ ਸਿਰ 'ਤੇ ਲਟਕਦਾ
ਭਾਰਾ ਜਿਹਾ
ਕਾਲਾ ਜਿਹਾ
ਅੱਤ ਭਿਆਨਕ ਮੌਤ ਇਕ ਪੱਥਰ ਹੈ
ਅੱਜ।