ਮਾਇਆ ਤੈਨੂੰ ਸੱਤ ਸਲਾਮਾਂ ਜਿਹੜੇ ਘਰ ਵੀ ਜਾਨੀ ਐਂ

ਪੁੱਤਰਾਂ ਕੋਲੋਂ ਪਿਓ ਮਰਵਾਂਦੀ ਭਰਾ ਤੋਂ ਭਰਾ ਕੋਹਾਨੀ ਐਂ

ਨਾ ਤੇਰਾ ਕੋਈ ਦੀਨ ਮਜ਼ਹਬ ਨਾ ਹੀ ਤੇਰਾ ਧਰਮ ਹੈ ਕੋਈ

ਤੈਨੂੰ ਵੇਖ ਕੇ ਧੱਕੇ ਮਾਰੇ ਆਪਣੀਆਂ ਨਗਦੀਆਂ ਨੂੰ ਹਰ ਕੋਈ

ਤੂੰ ਹੀ ਸਭ ਤੋਂ ਵੱਡਾ ਰੱਬ ਹੈਂ ਤੂੰ ਹੀ ਦੇਵਤਾ ਸਭ ਤੋਂ ਚੰਗਾ

ਜਿਸਦੇ ਹੱਥ ਵਿਚ ਤੇਰਾ ਡੰਡਾ ਉਹੋ ਕਿਸੇ ਤੋਂ ਮੂਲ ਨਾ ਡਰਦਾ

ਤੈਨੂੰ ਸਾਂਭਣ ਦੇ ਲਈ ਲੋਕੀ ਨਵੀਆਂ ਸ਼ਕਲਾਂ ਨਿੱਤ ਵਟਾਂਦੇ

ਧਰਮਾਂ ਦੀ ਛਤਰੀ ਦੇ ਥੱਲੇ ਲੋਕਾਂ ਦਾ ਹੱਕ ਖਾਈ ਜਾਂਦੇ

ਤੂੰ ਸਭ ਤੋਂ ਵੱਡਾ ਸੱਪ ਹੈਂ ਜੋ ਭੁੱਖਿਆਂ ਨੂੰ ਲੜਦਾ ਜਾਂਦਾ

ਤੈਨੂੰ ਵੇਖ ਕੇ ਬੰਦਿਆਂ ਵਿਚੋਂ ਪਿਆਰ ਮੁਹੱਬਤ ਮਰਦਾ ਜਾਂਦਾ

ਮਾਇਆ ਤੈਨੂੰ ਸੱਤ ਸਲਾਮਾਂ ਜਿਹੜੇ ਘਰ ਤੂੰ ਜਾਨੀ ਐਂ

ਪੁੱਤਰਾਂ ਕੋਲੋਂ ਪਿਓ ਮਰਵਾਂਦੀ ਭਰਾ ਤੋਂ ਭਰਾ ਕੋਹਾਨੀ ਐਂ

📝 ਸੋਧ ਲਈ ਭੇਜੋ