ਮਾਏ ਨੀਂ ਦੇਹ ਵਸਤਰ ਅੱਗ

ਮਾਏ ਨੀਂ ਦੇਹ ਵਸਤਰ ਅੱਗ ਦਾ ਛੇਤੀ ਛੇਤੀ। 

ਅਸਾਂ ਉਲਾਹਮਾ ਲਾਹੁਣੈਂ ਜੱਗ ਦਾ ਛੇਤੀ ਛੇਤੀ।

ਜਿਸ ਨੇ ਮੇਰੇ ਸ਼ਹਿਰ ਦਾ ਸੁਖ ਤੇ ਚੈਨ ਚੁਰਾਇਆ, 

ਪਤਾ ਲਗਾਉਣਾ ਹੈ ਉਸ ਠੱਗ ਦਾ ਛੇਤੀ ਛੇਤੀ।

ਪੌਣਾਂ ਦੇ ਵਿਚ ਵਿਸ ਘੋਲਦੈ ਕਿਹੜਾ ਬੰਦਾ, 

ਪਤਾ ਕਰੋ ਉਸ ਦੀ ਰਗ ਰਗ ਦਾ ਛੇਤੀ ਛੇਤੀ। 

ਬੜੇ ਬੜੇ ਜੌਹਰੀ ਵੀ ਸੋਚੀਂ ਪੈ ਜਾਂਦੇ ਨੇ,

ਮੁੱਲ ਨਈਂ ਪੈਂਦਾ ਸੱਚੇ ਨੱਗ ਦਾ ਛੇਤੀ ਛੇਤੀ।

ਮੌਸਮ ਬਦਲਦਿਆਂ ਹੀ ਅੱਜ ਦਾ ਬੰਦਾ ਯਾਰੋ, 

ਰੰਗ ਵਟਾ ਲੈਂਦਾ ਹੈ ਪੱਗ ਦਾ ਛੇਤੀ ਛੇਤੀ।

ਇਸ ਨੂੰ ਰਤਾ ਸੁਕਾਵੋ ਏਨੀ ਕਾਹਲ ਕਰੋ ਨਾ, 

ਭਿੱਜਿਆ ਦੀਵਾ ਇੰਜ ਨਈਂ ਜਗਦਾ ਛੇਤੀ ਛੇਤੀ।

ਕੀ ‘ਕੇਸ਼ੀ' ਮਿਲਿਆ ਰੋਕਣ ਦੀ ਹੋਸ਼ ਰਹੀ ਨਾ, 

ਤੁਰ ਗਿਆ ਉਹ ਮੇਰਾ ਕੁਝ ਲੱਗਦਾ ਛੇਤੀ ਛੇਤੀ।

📝 ਸੋਧ ਲਈ ਭੇਜੋ