ਸਿਹਤ ਨਾਲ਼ ਜਹਾਨ ਦੇ ਕੰਮ ਚਲਦੇ,
ਸਿਹਤ ਬਾਝ ਨਾ ਕੋਈ ਵੀ ਕਾਰ ਹੋਵੇ ।
ਐਪਰ ਓਸ ਦੀ ਸਿਹਤ ਕੀ ਹੋ ਸਕਦੀ ,
ਜਿਹੜਾ ਟੁੱਕਰੋਂ ਵੀ ਅਵਾਜ਼ਾਰ ਹੋਵੇ ।
ਦਿਨ ਚੜ੍ਹੇ ਤੇ ਟੋਕਰੀ ਢੋਣ ਲੱਗੇ,
ਸ਼ਾਮੀਂ ਛਿੱਲੜੇ ਦਾ ਰਵਾਦਾਰ ਹੋਵੇ ।
ਆਵੇ ਘਰ ਤੇ ਖਾਣ ਨੂੰ ਕੀ ਲੱਭੇ,
ਰੁੱਖੀ ਰੋਟੀ ਤੇ ਨਾਲ ਅਚਾਰ ਹੋਵੇ ।
ਇਨ੍ਹਾਂ ਪੈਸਿਆਂ ਨਾਲ ਕੀ ਆਪ ਸੋਚੋ,
ਫ਼ੈਲਸੂਫ਼ੀਆਂ ਕਰੇ ਕਿ ਡੰਗ ਟੋਰੇ ।
ਯਖ਼ਨੀ, ਕੋਰਮੇ ਉਹਦੇ ਨਸੀਬ ਕਿੱਥੇ,
ਆਪਣੀ ਰੱਤ ਪੀਵੇ, ਆਪਣੇ ਹੱਡ ਖੋਰੇ ।
ਤੁਸੀਂ ਵਿਚ ਕਿਤਾਬਾਂ ਹਜ਼ਾਰ ਲਿਖੋ,
ਲੋਕੋ ਦੁੱਧ ਪੀਓ, ਲੋਕੋ ਫਲ ਖਾਓ ।
ਹਫ਼ਤਾ-ਸਿਹਤ ਮਨਾਣ ਲਈ ਰੇਡੀਓ ਤੇ,
ਲੱਖ ਵਾਰ ਦੁਹਾਈਆਂ ਪਏ ਪਾਉ ।
ਵਿਟਾਮਿਨ, ਪਰੋਟੀਨ ਦੀਆਂ ਘੁਤਕਲਾਂ ਨਾਲ
ਕਾਲੇ ਵਰਕਿਆਂ ਦੇ ਵਰਕੇ ਕਰੀ ਜਾਓ ।
ਭੁੱਖ ਭੰਗੜੇ ਪਾਉਂਦੀ ਏ ਜੱਗ ਤੇ ਕਿਉਂ,
ਨਾ ਇਹ ਸੋਚੋ ਨਾ ਏਸ ਤੇ ਚਿੱਤ ਲਾਓ ।
ਮੱਤਾਂ ਹੋਵੇ ਜੇ ਨੀਂਦ ਹਰਾਮ ਆਪਣੀ,
ਏਸ ਗੱਲ ਦੇ ਜਾਓ ਨਾ ਮੂਲ ਨੇੜੇ ।
ਰਾਂਝੇ ਰਹਿਣ ਦਿਓ ਮੱਝੀਆਂ ਚਾਰਨੇ ਨੂੰ,
ਹੀਰਾਂ ਲੈ ਜਾਓ ਡੋਲੀਆਂ ਪਾ ਖੇੜੇ ।
ਪਰ ਇਹ ਸਮਝ ਲਓ ਸਦਾ ਜਹਾਨ ਉੱਤੇ,
ਗੁੱਡੀਆਂ ਚੜ੍ਹ ਕੇ ਨਹੀਂ ਅਸਮਾਨ ਗਈਆਂ ।
ਲੈ ਕੇ ਪੂਰੀ ਚਿਰੱਕਲੀ ਡੋਰ ਮੁੜ ਵੀ,
ਅਸਾਂ ਤੱਕੀਆਂ ਨੇ ਥੱਲੇ ਢਹਿ ਪਈਆਂ ।
ਟਿੰਡਾਂ ਖੂਹ ਦੀਆਂ ਵਾਲਾ ਮੁਆਮਲਾ ਏ,
ਭਰੀਆਂ ਜਾਂਦੀਆਂ ਉਹ ਕਦੋਂ ਤੀਕ ਰਹੀਆਂ ।
ਮੁੱਕਦੀ ਗਲ ਜੇ ਹੁਣ ਨਹੀਂ ਜਰਨ ਜੋਗੇ,
ਬੜਾ ਚਿਰ ਜਰੀਆਂ, ਬੜਾ ਚਿਰ ਸਹੀਆਂ ।
ਕਦੋਂ ਤੀਕ ਸਵਾਰੋ ਸਵਾਰ ਚਲਸੀ,
ਓੜਕ ਹੇਠਲੀ ਉੱਤੇ ਵੀ ਆਵਣੀ ਏਂ ।
ਅਸਾਂ ਮੁੱਦਤਾਂ ਦੇ ਹੂਟੇ ਦੇ ਰਹੇ ਆਂ,
ਮ੍ਹੀਟੀ ਲੈ ਕੇ ਖੇਡ ਮੁਕਾਵਣੀ ਏਂ ।