ਨਵ ਵਿਆਹੁਤਾ ਜੋੜੇ ਨੂੰ  

ਮੌਸਮ ਸੁਹਾਵਣਾ ਲੱਗ ਰਿਹਾ  

ਠੰਢਕ ਵਿੱਚ  

ਇੱਕ ਦੂਜੇ ਦਾ ਨਿੱਘ  

ਪਿਆਰ ਦੀ ਗਰਮਜੋਸ਼ੀ  

ਨੂੰ ਮੱਠਾ ਮੱਠਾ ਸੇਕ ਦਿੰਦਾ  

ਕਿਸਾਨ ਵਾਰ ਵਾਰ ਦੇਖਦਾ  

ਜੋ ਮੀਂਹ  

ਫ਼ਸਲ ਨੂੰ ਘਿਓ ਵਾਂਗ ਲੱਗ ਰਿਹਾ ਸੀ  

ਬਹੁਤਾਤ ਹੋਣ ਤੇ  

ਫ਼ਸਲ ਦੀ ਤਬਾਹੀ ਦਾ ਕਾਰਨ ਬਣ ਰਿਹਾ  

ਨੌਕਰੀ ਪੇਸ਼ਾ  ਖ਼ੁਸ਼ ਹੈ  

ਸ਼ਨੀਵਾਰ ਐਤਵਾਰ ਦੇ ਮੀਂਹ ਤੋਂ 

ਪਤਨੀ ਨੂੰ ਪਕੌੜੇ ਬਣਾਉਣ ਦੀ

ਸਲਾਹ ਦੇ

ਹੱਸਦਿਆਂ ਦੋਸਤ ਨੂੰ ਕਹਿੰਦਾ  

ਸਾਡੀ ਕਿਹੜਾ ਫ਼ਸਲ ਭਿੱਜਦੀ  

ਦਫ਼ਤਰ ਵਿੱਚ ਬੈਠੀ ਮੈਡਮ    

ਨਾਲਦੀਆਂ ਨੂੰ ਕਹਿੰਦੀ  

ਸ਼ੁਕਰ ਹੋਇਆ ਠੰਢ ਪਈ  

ਕੋਟ ਪਾ ਹੋ ਗਏ ਇਸ ਵਾਰ 

ਇੱਕ ਦੋ ਦਿਨ ਹੋਰ ਪੈ ਜਾਵੇ  

ਮੇਰੇ ਦੋ ਨਵੇਂ ਰਹਿੰਦੇ ਪਾਉਣ ਵਾਲੇ  

ਚਿਂਓਦੀ ਝੁੱਗੀ ਵਿੱਚ  

ਨਿੱਕੇ ਨਿੱਕੇ ਬਾਲਾਂ ਨੂੰ  

ਘਸੇ ਹੋਏ ਕੰਬਲ ਨਾਲ  

ਵਾਰ ਵਾਰ ਢਕਦੀ  

ਦਿਹਾੜੀਦਾਰ ਔਰਤ  

ਕੋਸਦੀ ਮੀਂਹ ਨੂੰ ਤੇ ਰੱਬ ਨੂੰ  

ਟੁੱਟ ਜੋ ਗਈ ਦਿਹਾਡ਼ੀ 

ਮਰੀਅਲ ਜਿਹਾ ਕੁੱਤਾ  

ਦੁਬਕਿਆ ਬੈਠਾ  

ਝਾੜੀਆਂ ਵਿੱਚ  

ਦੋ ਦਿਨਾਂ ਦਾ ਭੁੱਖਾ  

ਮੌਸਮ ਤੋਂ ਬੇਹਾਲ  

ਦੇਖ ਤਾਂ ਸੂਰਜ ਦਾ ਰਾਹ  

ਸੁਆਣੀ ਪਰੇਸ਼ਾਨ  

ਕਈ ਦਿਨਾਂ ਤੋਂ ਪੈਂਦੇ ਮੀਂਹ ਨੇ

ਕੱਪੜੇ ਸੁੱਕਣ ਹੀ ਨਹੀਂ ਦਿੱਤੇ  

ਕਮਰੇ ਵਿਚ ਥਾਂ ਥਾਂ ਪਏ  

ਸਿੱਲੇ ਕੱਪੜੇ  

ਦਿੰਦੇ  ਦੀ ਠੰਢਕ ਦਾ ਅਹਿਸਾਸ  

 ਰਿਕਸ਼ਾ ਚਾਲਕ ਵੇਖ ਰਿਹਾ ਰਾਹ

ਕਿਸੇ ਸਵਾਰੀ ਦਾ  

ਮਿਲ ਜਾਵੇ ਜੇ  ਕੋਈ ਸਵਾਰੀ  

ਲੂਣ ਨਾਲ ਰੋਟੀ ਦਾ  

ਇੰਤਜ਼ਾਮ ਹੋ ਜਾਵੇ  

ਕਲੱਬ ਵਿੱਚ ਬੈਠੇ ਅਫ਼ਸਰ  

ਵਿਸਕੀ  ਦੀ ਬੋਤਲ ਖੋਲ੍ਹ  

ਲੈ ਰਹੇ ਆਨੰਦ  

ਠੰਢੇ ਮੌਸਮ ਦਾ  

ਪਾਰਕਿੰਗ ਵਿੱਚ ਖਡ਼੍ਹੇ ਡਰਾਈਵਰ

ਮਨ ਵਿੱਚ ਕਾਹਲੇ

ਘਰ ਜਾ ਕੇ ਖੋਲ੍ਹਣਗੇ  

ਦੇਸੀ ਦਾਰੂ ਦੀ ਬੋਤਲ  

ਸਰਹੱਦ ਤੇ ਡਿਊਟੀ ਦੇ ਰਿਹਾ  

ਫ਼ੌਜੀ ਜਵਾਨ  

ਹੈਰਾਨ ਪਰੇਸ਼ਾਨ  

ਠੰਢ ਨਾਲ ਬੇਹਾਲ  

ਤਣਿਆ ਹੋਇਆ  

ਫ਼ਰਜ਼ ਲਈ

📝 ਸੋਧ ਲਈ ਭੇਜੋ