ਮਹਿਕਦੇ ਫੁੱਲਾਂ ਨੇ ਦਰਵਾਜ਼ੇ

ਮਹਿਕਦੇ ਫੁੱਲਾਂ ਨੇ ਦਰਵਾਜ਼ੇ ਚਮਨ ਦੇ ਖੋਲ ਕੇ

ਕੀਲਿਆ ਹੈ ਭੌਰਿਆਂ ਨੂੰ ਰਾਜ਼ ਕੋਈ ਬੋਲ ਕੇ।

ਫੁੱਲ ਬਸੰਤੀ ਜ਼ਿੰਦਗੀ ਵਿੱਚ ਮੁਸਕਰਾਉਂਦੇ ਰੋਜ਼ ਨੇ

ਬੋਲੀਏ ਸੱਭ ਨਾਲ ਜਦ ਸ਼ਬਦਾਂ ’ਚ ਮਿਸ਼ਰੀ ਘੋਲ ਕੇ।

ਇਹ ਨਜ਼ਾਰਾ ਝੀਲ ਦਾ ਤੈਨੂੰ ਬੁਲਾਵੇ ਦਿਲਬਰਾ

ਕਿਤੇ ਫਿਰ ਛੇੜ ਜਾ ਧੁਨ ਰੂਹ ਵਾਲੀ ਬੋਲ ਕੇ।

ਰੁੱਤ ਜਵਾਨੀ ਕੂੰਜ ਵਾਂਗੂੰ ਉਡ ਗਈ ਕੁਮਲਾ ਗਈ

ਬਾਬਿਆ ਕੀ ਲੋੜਦੈਂ ਹੁਣ ਕੂਚਿਆਂ ਨੂੰ ਟੋਲ ਕੇ।

ਗਰਦਸ਼ੇ ਹਾਲਾਤ ਵਿੱਚ ਅੱਜ ਤਪ ਰਹੀ ਹੈ ਜ਼ਿੰਦਗੀ

ਰੁਮਕਦੀ ਆਵੇ ਹਵਾ ਉਠ ਵੇਖ ਪੱਖਾ ਝੋਲ ਕੇ।

ਬਾਗਬਾਂ ਜੇ ਗੁਲਸਿਤਾਂ ਦੀ ਰੱਖਿਆ ਨਾ ਕਰ ਸਕੇ

ਪਤਝੜਾਂ ਤਾਂ ਪੌਦਿਆਂ ਨੂੰ ਰੱਖ ਦੇਣਾ ਰੋਲ ਕੇ।

ਆਵਣੀ ਕਿਸ ਕੰਮ ਕਮਾਈ ਜੇ ਜ਼ਮੀਰੋਂ ਮਰ ਗਿਉਂ

ਮਾਲ ਭਾਵੇਂ ਵੇਚ ਦੇਵੇਂ ਰੋਜ਼ ਸਾਰਾ ਤੋਲ ਕੇ।

ਮੁਕ ਗਈ ਸਾਰੀ ਹਯਾਤੀ ਬੇਵਜ਼ਾ ਬੇਕਾਰ ਹੀ

ਕੀ ਤੂੰ ਲੋੜੇਂ ਰਾਖ ਚੋਂ ਉੱਪਲ ਰੋਜ਼ਾਨਾ ਫੋਲ ਕੇ।

📝 ਸੋਧ ਲਈ ਭੇਜੋ