ਮਹਿਫਲ ਵਿਚ ਆਪਾ ਧਾਪੀ

ਮਹਿਫਲ ਵਿਚ ਆਪਾ ਧਾਪੀ ਏ,

ਰੌਲਾ ਰੱਪਾ ਤੇ ਚੀਕਾਂ ਨੇ,

ਜਿਓਂ ਸੇਹ ਦਾ ਤੱਕਲਾ ਗੱਡ ਦਿੱਤਾ,

ਇਸ ਵਿਹੜੇ ਵਿੱਚ ਸ਼ਰੀਕਾਂ ਨੇ।

ਬੇਦੰਮ ਹਾਂ ਪਰ ਮੈਂ ਬੇਦਿਲ ਨਹੀਂ,

ਅਖਾਂ ਵਿੱਚ ਅਜੇ ਉਡੀਕਾਂ ਨੇ,

! ਹੁਸਨ ਦੇ ਮਾਲਕ ਵੇਖ ਰਤਾ,

ਇਹ ਇਸ਼ਕ ਦੀਆਂ ਤੋਫੀਕਾਂ ਨੇ।

ਹਥਾਂ ਦੀ ਸਫ਼ਾਈ ਦੱਸਦਾ ਜੋ

ਚਲਾਕ ਨਜੂਮੀ ਕੀ ਜਾਣੇ,

ਹਥਾਂ ਦੀਆਂ ਰੇਖਾ ਮਿਟ ਗਈਆਂ,

ਮੇਰੇ ਦਿਲ ਉਤੇ ਲੀਕਾਂ ਨੇ।

ਰੰਗੀਨ ਮੁਹੱਬਤ ਵਾਲੇ ਦੇ

ਲਾਰੇ ਵੀ ਰੰਗ ਰੰਗੀਲੇ ਨੇ,

ਮਿਲਣ ਵਾਅਦੇ ਕਾਇਮ ਨੇ

ਪਰ ਜੂਨਾਂ ਜੇਡ ਉਡੀਕਾਂ ਨੇ।

ਸੁਣਿਆ ਉਸਦੀ ਦਰਗਾਹ ਅੰਦਰ

ਸਭ ਪਾਪੀ ਬਖਸ਼ੇ ਜਾਂਦੇ ਨੇ,

ਰੱਬ ਉਸ ਕਾਫਰ ਨੂੰ ਬਖਸ਼ੇ ਨਾ,

ਜਿਸ ਇਸ਼ਕ ਨੂੰ ਲਾਈਆਂ ਲੀਕਾਂ ਨੇ।

ਗੈਰਾਂ ਦੇ ਸਾਹਵੇਂ ਮਹਿਫਲ ਵਿੱਚ

ਝਿੜਕਾਂ ਖਾ ਕੇ ਮਹਿਬੂਬ ਦੀਆਂ,

ਮੈਂ ਖੂਨ ਜ਼ਿਗਰ ਦਾ ਪੀਤਾ

ਪੀਤੇ ਨੇ ਜਾਮ ਸ਼ਰੀਕਾਂ

ਹਰ ਮੁਸ਼ਕਿਲ ਸਮੇਂ ਬਚਾਇਆ ਏ,

ਸਾਨੂੰ ਮੌਲਾ ਦੀ ਬਖਸ਼ਿਸ਼ ਨੇ,

ਹਰ ਮੁਸ਼ਕਿਲ ਵਿੱਚ ਫਸਾਇਆ ਏ,

ਸਾਨੂੰ "ਹਮਦਰਦ " ਰਫੀਕਾਂ ਨੇ।

ਮੁਸ਼ਤਾਕ ਅਜ਼ਲ ਤੋਂ ਵੇਖ ਰਿਹਾ

ਮੌਲਾ ਤੇਰੇ ਇਸ ਗੁਲਸ਼ਨ ਵਿੱਚ,

ਫੁਲਾਂ ਦੇ ਓਵੇਂ ਹਾਸੇ ਨੇ

ਬੁਲਬੁਲ ਦੀਆਂ ਓਵੇਂ ਚੀਕਾਂ ਨੇ।

📝 ਸੋਧ ਲਈ ਭੇਜੋ