ਮਹਿਮੂਦ ਦਰਵੇਸ਼(ਫਲਸਤੀਨੀ ਕਵਿਤਾ)

ਸਾਡੇ ਦੇਸ਼ ਵਿਚ

ਲੋਕ ਦੁੱਖਾਂ ਦੀ ਕਹਾਣੀ ਸੁਣਾਉਂਦੇ ਨੇ

ਮੇਰੇ ਮਿੱਤਰ ਦੀ

ਜੋ ਚਲਾ ਗਿਆ

ਤੇ ਫਿਰ ਨਹੀਂ ਪਰਤਿਆ

ਉਸ ਦਾ ਨਾਂ .......

ਨਹੀਂ, ਉਸਦਾ ਨਾਮ ਮੱਤ ਲਵੋ

ਉਸ ਨੂੰ ਸਾਡੇ ਦਿਲਾਂ ਵਿਚ ਹੀ ਰਹਿਣ ਦਿਓ

ਰਾਖ਼ ਦੀ ਤਰ੍ਹਾਂ,

ਹਵਾ ਉਸਨੂੰ ਖਿੰਡਾ ਨਾ ਦੇਵੇ

ਉਸਨੂੰ ਸਾਡੇ ਦਿਲਾਂ ਵਿਚ ਹੀ ਰਹਿਣ ਦਿਓ

ਇਹ ਇੱਕ ਐਸਾ ਜ਼ਖ਼ਮ ਹੈ

ਜੋ ਕਦੇ ਭਰ ਨਹੀਂ ਸਕਦਾ

ਮੇਰੇ ਪਿਆਰੇ!

ਮੇਰੇ ਪਿਆਰੇ ਯਤੀਮੋ

ਮੈਨੂੰ ਚਿੰਤਾ ਹੈ ਕਿ ਕਿਤੇ

ਉਸਦਾ ਨਾਮ ਅਸੀਂ ਭੁੱਲ ਨਾ ਜਾਈਏ

ਨਾਵਾਂ ਦੀ ਇਸ ਭੀੜ ਵਿਚ

ਮੈਨੂੰ ਭੈਅ ਹੈ ਕਿ

ਕਿਤੇ ਅਸੀਂ ਭੁੱਲ ਨਾ ਜਾਈਏ

ਸਿਆਲ ਦੀ ਇਸ ਬਰਸਾਤ ਤੇ

ਹਨ੍ਹੇਰੀ ਵਿਚ

ਸਾਡੇ ਦਿਲ ਦੇ ਜ਼ਖ਼ਮ ਕਿਤੇ ਸੌਂ ਨਾ ਜਾਣ

ਮੈਨੂੰ ਭੈਅ ਹੈ ਕਿ

ਉਸਦੀ ਉਮਰ .......

ਇੱਕ ਕਲੀ ਜਿਸਨੂੰ ਬਰਸਾਤ ਦੀ

ਯਾਦ ਤੱਕ ਨਹੀਂ

ਚਾਂਦਨੀ ਰਾਤ ਵਿਚ ਕਿਸੇ ਪ੍ਰੇਰਕਾ ਨੂੰ

ਪ੍ਰੇਮ ਦਾ ਗੀਤ ਵੀ ਨਹੀਂ ਸੁਣਾਇਆ

ਉਸਦੀ ਪ੍ਰੇਮਿਕਾ ਦੀ ਉਡੀਕ ਵਿਚ

ਘੜੀ ਦੀਆਂ ਸੂਈਆਂ ਤੀਕ

ਵੀ ਨਹੀਂ ਰੁਕੀਆਂ

ਅਸਫਲ ਰਹੇ ਉਸਦੇ ਹੱਥ,

ਦੀਵਾਰਾਂ ਦੇ ਕੋਲ ਉਹਨਾਂ ਲਈ

ਉਸ ਦੀਆਂ ਅੱਖਾਂ

ਉਦਾਸ ਇੱਛਾਵਾਂ ਵਿਚ ਕਦੇ ਨਹੀਂ

ਡੁੱਬੀਆਂ

ਉਸਨੇ ਕਦੇ ਕਿਸੇ ਲੜਕੀ ਨੂੰ

ਨਹੀਂ ਚੁੰਮਿਆ

ਉਹ ਕਿਸੇ ਲੜਕੀ ਨਾਲ ਨਹੀਂ

ਕਰ ਸਕਿਆ ਇਸ਼ਕਬਾਜ਼ੀ

ਆਪਣੀ ਜ਼ਿੰਦਗੀ ਵਿਚ

ਸਿਰਫ਼ ਦੋ ਵਾਰ ਹਉਂਕੇ ਭਰੇ

ਇੱਕ ਲੜਕੀ ਲਈ

ਪਰ ਉਸਨੇ ਕਦੇ ਕੋਈ

ਖ਼ਾਸ ਧਿਆਨ ਹੀ ਨਹੀਂ ਦਿੱਤਾ

ਉਸ ਉੱਤੇ

ਉਹ ਬਹੁਤ ਛੋਟਾ ਸੀ

ਉਸਨੇ ਉਸਦਾ ਰਾਹ ਛੱਡ ਦਿੱਤਾ

ਜਿਵੇਂ ਆਸ ਦਾ

ਸਾਡੇ ਦੇਸ਼ ਵਿਚ ਲੋਕ ਉਸਦੀ ਕਹਾਣੀ

ਸੁਣਾਉਂਦੇ ਨੇ

ਜਦੋਂ ਉਹ ਦੂਰ ਚਲਾ ਗਿਆ

ਉਸਨੇ ਮਾਂ ਤੋਂ ਵਿਦਾਇਗੀ ਨਹੀਂ ਲਈ

ਆਪਣੇ ਦੋਸਤਾਂ ਨੂੰ ਵੀ ਨਹੀਂ ਮਿਲਿਆ

ਕਿਸੇ ਨੂੰ ਕੁਝ ਕਹਿ ਕੇ ਨਹੀਂ ਗਿਆ

ਇੱਕ ਸ਼ਬਦ ਤੱਕ ਨਹੀਂ ਬੋਲਿਆ

ਤਾਂਕਿ ਕੋਈ ਭੈਅ ਭੀਤ ਨਾ ਹੋਵੇ

ਤਾਂਕਿ ਉਸਦੀ ਉਡੀਕਵਾਨ ਮਾਂ ਦੀਆਂ

ਲੰਮੀਆਂ ਰਾਤਾਂ ਕੁਝ ਸੌਖੀਆਂ ਲੰਘਣ

ਜੋ ਅੱਜ ਕੱਲ ਅਸਮਾਨ ਨਾਲ

ਗੱਲਾਂ ਕਰਦੀ ਰਹਿੰਦੀ ਹੈ

ਅਤੇ ਉਸ ਦੀਆਂ ਚੀਜ਼ਾਂ ਨਾਲ

ਉਸਦੇ ਤਕੀਏ

ਉਸਦੇ ਸੂਟਕੇਸ ਨਾਲ

ਬੇਚੈਨ ਹੋ ਕੇ ਉਹ ਆਖਦੀ ਕਹਿੰਦੀ ਹੈ,

ਰਾਤ! ਸਿਤਾਰਿਓ! ਖ਼ੁਦਾ!

ਬੱਦਲ!

ਕੀ ਤੂੰ ਮੇਰੀ ਉੱਡਦੀ ਚਿੜੀ ਨੂੰ ਵੇਖਿਆ ਹੈ

ਉਸ ਦੀਆਂ ਅੱਖਾਂ ਚਮਕਦੇ

ਸਿਤਾਰਿਆਂ ਵਰਗੀਆਂ ਨੇ

ਉਸਦੇ ਹੱਥ, ਫੁੱਲਾਂ ਦੀਆਂ

ਟਹਿਣੀਆਂ ਵਰਗੇ ਹਨ

ਉਸਦੇ ਦਿਲ ਵਿਚ

ਚੰਦ ਤੇ ਸਿਤਾਰੇ ਭਰੇ ਹੋਏ ਨੇ

ਉਸਦੇ ਵਾਲ

ਹਵਾਵਾਂ ਤੇ ਫੁੱਲਾਂ ਦੇ ਝੂਲਣੇ ਹਨ

ਕੀ ਤੂੰ ਉਸ ਮੁਸਾਫ਼ਰ ਨੂੰ ਵੇਖਿਆ ਹੈ

ਜੋ ਅਜੇ ਸਫ਼ਰ ਲਈ

ਤਿਆਰ ਹੀ ਨਹੀਂ ਸੀ

ਉਹ ਆਪਣਾ ਖਾਣਾ ਲੈਣ ਤੋਂ

ਬਿਨਾਂ ਚਲੇ ਗਿਆ

ਕੌਣ ਖਵਾਵੇਗਾ ਉਸਨੂੰ

ਜਦੋਂ ਉਸਨੂੰ ਭੁੱਖ ਲੱਗੇਗੀ?

ਕੌਣ ਉਸਦਾ ਸਾਥ ਦੇਵੇਗਾ

ਰਸਤੇ ਵਿਚ

ਬੇਗਾਨਿਆਂ ਤੇ ਖ਼ਤਰਿਆਂ ਵਿਚਕਾਰ

ਮੇਰੇ ਲਾਲ! ਮੇਰੇ ਲਾਲ!

ਰਾਤ! ਸਿਤਾਰਿਓ!

ਹਾਲੀਓ! ਬੱਦਲੋ!

ਕੋਈ ਤਾਂ ਉਸਨੂੰ ਆਖੋ

ਸਾਡੇ ਕੋਲ ਕੋਈ ਜਵਾਬ ਨਹੀਂ ਹੈ

ਬੜਾ ਵੱਡਾ ਹੈ ਇਹ ਜਖ਼ਮ

ਅੱਥਰੂਆਂ ਨਾਲ

ਦੁੱਖਾਂ ਨਾਲ

ਤਸੀਹਿਆਂ ਨਾਲ

ਨਹੀਂ ਬਰਦਾਸ਼ਤ ਕਰ ਸਕੇਂਗੀ ਤੂੰ

ਉਹ ਸੱਚਾਈ

ਕਿਉਂਕਿ ਤੇਰਾ ਬੱਚਾ ਮਰ ਚੁੱਕਾ ਹੈ

ਮਾਂ!

ਅਜਿਹੇ ਅੱਥਰੂ ਮੱਤ ਵਗਾ

ਕਿਉਂਕਿ ਅੱਥਰੂਆਂ ਦਾ ਇੱਕ

ਸੋਮਾ ਹੁੰਦਾ ਹੈ

ਉਹਨਾਂ ਨੂੰ ਬਚਾ ਕੇ ਰੱਖ ਸ਼ਾਮ ਲਈ

ਜਦ ਸੜਕਾਂ ਉੱਤੇ ਮੌਤ ਹੀ ਮੌਤ ਹੋਵੇਗੀ

ਜਦੋਂ ਇਹ ਭਰ ਜਾਣਗੀਆਂ ਤੇਰੇ

ਪੁੱਤਰ ਵਰਗੇ ਮੁਸਾਫਰਾਂ ਨਾਲ

ਤੂੰ ਆਪਣੇ ਅੱਥਰੂ ਪੂੰਝ ਲੈ

ਤੇ ਨਿਸ਼ਾਨੀ ਵਜੋਂ ਸੰਭਾਲ ਕੇ ਰੱਖ

ਕੁਝ ਅੱਥਰੂਆਂ ਨੂੰ

ਆਪਣੇ ਪਿਆਰਿਆਂ ਦੇ ਸਿਮ੍ਰਿਤੀ-ਚਿੰਨ ਵਾਂਗੂੰ

ਉਹਨਾਂ ਸ਼ਰਨਾਰਥੀਆਂ ਦੇ ਸਿਮ੍ਰਿਤੀ-ਚਿੰਨ

ਦੀ ਤਰ੍ਹਾਂ

ਜੋ ਪਹਿਲਾਂ ਹੀ ਮਰ ਚੁੱਕੇ ਹਨ

ਮਾਂ ਆਪਣੇ ਅੱਥਰੂ ਮਤ ਵਹਾ

ਕੁਝ ਅੱਥਰੂ ਬਚਾ ਕੇ ਰੱਖ ਕੱਲ੍ਹ ਲਈ

ਸ਼ਾਇਦ ਉਸਦੇ ਪਿਤਾ ਦੇ ਲਈ

ਸ਼ਾਇਦ ਉਸਦੇ ਭਾਈ ਲਈ

ਸ਼ਾਇਦ ਮੇਰੇ ਲਈ, ਜੋ ਉਸਦਾ ਦੋਸਤ ਹੈ

ਅੱਥਰੂਆਂ ਦੀਆਂ ਦੋ ਬੂੰਦਾਂ

ਬਚਾ ਕੇ ਰੱਖ

ਕੱਲ ਵਾਸਤੇ, ਸਾਡੇ ਵਾਸਤੇ

ਸਾਡੇ ਦੇਸ਼ ਵਿਚ

ਲੋਕੀਂ ਮੇਰੇ ਦੋਸਤ ਬਾਰੇ

ਬਹੁਤ ਗੱਲਾਂ ਕਰਦੇ ਨੇ

ਉਂਝ ਉਹ ਗਿਆ ਸੀ

ਤੇ ਫਿਰ ਨਹੀਂ ਪਰਤਿਆ

ਵੈਸੇ ਉਸ ਨੇ ਆਪਣੀ ਜਵਾਨੀ

ਲਾ ਦਿੱਤੀ

ਗੋਲੀਆਂ ਦੀਆਂ ਬੁਛਾੜਾਂ ਨੇ

ਉਸਦੇ ਚਿਹਰੇ ਤੇ ਛਾਤੀ ਨੂੰ

ਵਿੰਨ ਸੁੱਟਿਆ ਸੀ

ਬੱਸ ਹੋਰ ਮੱਤ ਆਖਣਾ

ਮੈਂ ਉਸ ਘਾਓ ਨੂੰ ਵੇਖਿਆ ਹੈ

ਮੈਂ ਉਸਦਾ ਅਸਰ ਵੇਖਿਆ ਹੈ

ਕਿੰਨਾ ਵੱਡਾ ਸੀ ਉਹ ਘਾਓ

ਮੈਂ ਆਪਣੇ ਦੂਸਰੇ ਬੱਚਿਆਂ ਬਾਰੇ

ਸੋਚ ਰਿਹਾ ਹਾਂ

ਤੇ ਹਰ ਉਸ ਔਰਤ ਬਾਰੇ

ਜੋ ਬੱਚਾ-ਗੱਡੀ ਲਈ ਚੱਲ ਰਹੀ ਹੈ

ਦੋਸਤੋ ਇਹ ਮੱਤ ਪੁੱਛੋ

ਉਹ ਕਦੋਂ ਆਵੇਗਾ

ਬਸ ਇਹੋ ਪੁੱਛੋ

ਕਿ ਲੋਕ ਕਦੋਂ ਉੱਠਣਗੇ

📝 ਸੋਧ ਲਈ ਭੇਜੋ