ਮੇਰਾ ਐਸਾ ਗੀਤ ਗੁਆਚ ਗਿਆ
ਜਿਦ੍ਹੀ ਰੂਹ ਵਿਚ ਰੋਸ਼ਨ ਸੂਰਜ ਸੀ
ਜਿਦ੍ਹਾ ਚਿਹਰਾ ਸੀ ਪ੍ਰਭਾਤ ਜਿਹਾ
ਉਸ ਗੀਤ ਨੂੰ ਭਾਲਣ ਜਦ ਤੁਰਿਆ
ਚੰਨ ਤਾਰੇ ਮੇਰੇ ਨਾਲ ਗਏ
ਮੈਂ ਕੀਤੀ ਅਰਜ਼ ਸਰਿਸ਼ਟੀ ਨੂੰ
ਮੇਰਾ ਧਰਮ ਜਨਮ ਨਾ ਜਾਤ ਰਹੇ
ਮੈਨੂੰ ਸੁਖ਼ਨ ਦੇ ਸੂਰਜ ਬਖਸ਼ ਦਿਓ
ਹੋਵੇ ਹਸ਼ਰ ਭਾਵੇਂ ਸੁਕਰਾਤ ਜਿਹਾ
ਮੇਰਾ ਐਸਾ ਗੀਤ ਗੁਆਚ ਗਿਆ
ਜਦੋਂ ਅਕਲ ਇਲਮ ਦੀ ਗੱਲ ਤੋਰੀ
ਮੈਨੂੰ ਸ਼ਬਦ ਸਹਾਰਾ ਨਾ ਮਿਲਿਆ
ਕਦੇ ਚਰਨੀਂ ਰਖਦਾ ਬੇਦਾਵਾ
ਮੈਨੂੰ ਮਿੱਤਰ ਪਿਆਰਾ ਨਾ ਮਿਲਿਆ
ਮਿਲਿਆ ਨਾ ਚਾਨਣ ਮੁਕਤੀ ਦਾ
ਕੁੱਲ ਜੀਵਨ ਕਾਲੀ ਰਾਤ ਜਿਹਾ
ਮੇਰਾ ਐਸਾ ਗੀਤ ਗੁਆਚ ਗਿਆ
ਮਨ ਰੀਝ ਸਮੁੰਦਰ ਰਿੜਕਣ ਦੀ
ਹਰ ਪਾਸੇ ਰੇਗਿਸਤਾਨ ਮਿਲੇ
ਸਿੱਖ, ਮੁਸਲਿਮ, ਹਿੰਦੂ ਲੱਖ ਮਿਲਗੇ
ਮੈਨੂੰ ਕਿਧਰੇ ਨਾ ਇਨਸਾਨ ਮਿਲੇ
ਜਿਨੂੰ ਦਰਦ ਸੁਣਾਇਆ ਦਿਲ ਵਾਲਾ
ਉਹ ਪੱਥਰਾਂ ’ਤੇ ਬਰਸਾਤ ਜਿਹਾ
ਮੇਰਾ ਐਸਾ ਗੀਤ ਗੁਆਚ ਗਿਆ
ਜਿਸ ਦਰ 'ਤੇ ਅਲਖ ਜਗਾਈ ਸੀ
ਉਹਦੇ ਦਰ ਦਰਵਾਜ਼ੇ ਭੀੜੇ ਸੀ
ਮਜ਼੍ਹਬਾਂ ਦੀ ਮਹਿੰਦੀ ਗੂੜ੍ਹੀ ਸੀ
ਜਾਤਾਂ ਦੇ ਪਾਏ ਕਲੀਰੇ ਸੀ
ਨਾ ਰੱਬ ਮਿਲਿਆ ਨਾ ਸ਼ਾਇਰ ਬਣੇ
ਨਾ ਰੁਤਬਾ ਆਸ਼ਕ ਜਾਤ ਜਿਹਾ
ਮੇਰਾ ਐਸਾ ਗੀਤ ਗੁਆਚ ਗਿਆ
ਮੇਰੀ ਸ਼ਾਇਰੀ ਦੀ ਫਰਿਆਦ ਇਹੋ
ਕੋਈ ਐਸਾ ਇਕ ਨਿਜ਼ਾਮ ਹੋਏ
ਗੀਤਾਂ ਦੀ ਸੁਗੰਧੀ ਸਾੜੇ ਨਾ
ਕਵਿਤਾ ਦਾ ਨਾਂ ਕਤਲੇਆਮ ਹੋਏ
ਸਦਾ ਰਹੇ ਸਲਾਮਤ ਅਰਥਾਂ ਦਾ
ਸ਼ਬਦਾਂ ਦੇ ਸਿਰ 'ਤੇ ਤਾਜ ਜਿਹਾ
ਮੇਰਾ ਐਸਾ ਗੀਤ ਗੁਆਚ ਗਿਆ
ਜੇ ਸੁਣਦਾ ਹੋਵੇ ਰੱਬ ਕਿਧਰੇ
ਮੇਰੇ ਗੀਤਾਂ ਨੂੰ ਇਹ ਵਰ ਦੇਵੇ
ਕੁਲ ਦਰਦ ਜ਼ਮਾਨੇ ਦਾ ਸਾਰਾ
ਮੇਰੇ ਗੀਤਾਂ ਦੇ ਨਾਂ ਕਰ ਦੇਵੇ
ਮੇਰਾ ਗੀਤਾਂ ਵਿਚ ਯਕੀਨ ਬੜਾ
ਰੀਤਾਂ ਤੋਂ ਉਠ ਵਿਸ਼ਵਾਸ ਗਿਆ
ਮੇਰਾ ਐਸਾ ਗੀਤ ਗੁਆਚ ਗਿਆ
ਜਿਦ੍ਹੀ ਰੂਹ ਵਿਚ ਰੋਸ਼ਨ ਸੂਰਜ ਸੀ
ਜਿਦ੍ਹਾ ਚਿਹਰਾ ਸੀ ਪ੍ਰਭਾਤ ਜਿਹਾ