ਮੇਰਾ ਬਚਪਨ

ਮੇਰਾ ਬਚਪਨ ਅਜੇ ਨਾ ਆਇਆ 

ਮੇਰਾ ਬਚਪਨ ਕਦ ਆਵੇਗਾ ?

ਜਦ ਉਮਰਾ ਦੀ ਝੋਲੀ ਦੇ ਵਿਚ

ਦੋ ਤਿੰਨ ਚਾਰ ਜਾਂ ਪੰਜ ਵਰ੍ਹੇ ਸਨ

ਮਾਂ ਦੇ ਬੁੱਲ੍ਹ ਬਰਾਨਾਂ ਉਤੇ 

ਕਦੀ ਨਾ ਉੱਗੀ ਹਰੀ ਕਰੂਮਲ

ਨੈਣ ਓਸ ਦੇ ਭਰੇ ਭਰੇ ਸਨ 

ਦਿਨ ਜਿਉਂ ਬੁਝੇ ਬੁਝੇ ਪਰਛਾਵੇਂ, 

ਮਾਂ ਮੇਰੀ ਦੀ ਸਗਲ ਮੁਸ਼ੱਕਤ-

ਨੀਵੀਂ ਨਜ਼ਰ, ਸਦਾ ਸ਼ਰਮਾਵੇ 

ਰਾਤ ਸੁਲਗਦਾ ਸੁੰਞਾ ਪਾਲਾ, 

ਮੈਂ, ਮੇਰੀ ਮਾਂ, ਦੀਪ-ਵਿਹੂਣੇ, 

ਜਿਉਂ ਨ੍ਹੇਰੇ ਦੀ ਝੁੰਬ ਮਾਰ ਕੇ 

ਦੋ ਬੂਟੇ ਕੁਮਲਾਏ ਸੁੱਤੇ

ਸਾਡੇ ਵਿਹੜੇ ਮਰੀ ਕਹਾਣੀ 

ਇਕ ਸੀ ਰਾਜਾ, ਇਕ ਸੀ ਰਾਣੀ 

ਕਦੀ ਕਦੀ ਮੇਰੀ ਮਾਂ ਆਖੇ, 

ਵੇ ਮੇਰੇ ਦੁਖ-ਦਰਦ ਦੇ ਹਾਣੀ, 

ਮੇਰੀ ਹਿੱਕ ਨੂੰ ਲਗ ਕੇ ਸੌਂ ਜਾ 

ਜਿਸ ਥਾਉਂ ਤੇਰਾ ਬਾਪ ਸਿਧਾਇਆ-

ਉਸ ਥਾਵੇਂ ਕੋਈ ਪਾਪ ਨਾ ਆਵੇ 

ਮੇਰੇ ਬੂਟੇ, ਗੱਭਰੂ ਹੋ ਜਾ, 

ਤੇਰੀ ਛਾਵੇਂ ਮੈਂ ਸੌਂ ਜਾਵਾਂ 

ਕਦੇ ਕਦੇ ਬਾਲਾਂ ਦੇ ਕੁੱਛੜ 

ਸੌਂਣ ਨਿਚਿੰਤ, ਨਿਕਰਮਣ ਮਾਵਾਂ, 

ਮੈਂ ਆਪਣੀ ਮਾਤਾ ਦਾ ਉਹਲਾ, 

ਉਸ ਦੀ ਛਾਂ, ਉਸ ਦਾ ਪਰਛਾਵਾਂ 

ਉਂਜ ਤਾਂ ਹਰ ਮਾਂ ਸੁਹਣੀ ਹੁੰਦੀ, 

ਪਰ ਮੇਰੀ ਮਾਂ ਵੇਖ ਵੇਖ ਕੇ-

ਹਰ ਅੱਖ ਸੁਲਗੇ ਜਿਵੇਂ ਦੁਪਹਿਰੀ 

ਮੈਂ ਉਸ ਦੇ ਸੰਗ ਤੁਰਿਆ ਜਾਵਾਂ 

ਚੁੱਪ ਸੰਘਣੀ, ਛਾਉਂ ਇਕਹਿਰੀ 

ਨਜ਼ਰ ਨਜ਼ਰ ਮੇਰਾ ਮਕਤਬ ਸੀ, 

ਬੋਲ ਬੋਲ ਸੀ ਸੰਥਾ ਮੇਰੀ 

ਬਚਪਨ ਆਉਂਦਾ ਤਾਂ ਕਿਸ ਰਾਹੋਂ, 

ਹਰ ਰਾਹ ਸੂਝ ਸਮਝ ਨੇ ਘੇਰੀ 

ਇਕ ਦਿਨ ਮਾਂ ਨੇ ਬਾਤ ਸੁਣਾਈ 

ਕਿਵੇਂ ਓਸ ਨੇ ਅਪਣੇ ਹੱਥੀਂ-

ਪਿਤਾ ਮੇਰੇ ਦੀ ਚਿਤਾ ਜਲਾਈ 

ਫਿਰ ਕੁਰਲਾਈ

ਨਹੀਂ ਨਹੀਂ ਮੈਂ ਅਪਣੇ ਹੱਥੀਂ 

ਤੇਰਾ ਬਚਪਨ ਆਪ ਜਲਾਇਆ

ਮੇਰਾ ਬਚਪਨ ਉਦੋਂ ਨਾ ਆਇਆ, 

ਮੇਰਾ ਬਚਪਨ ਕਦ ਆਵੇਗਾ ?

📝 ਸੋਧ ਲਈ ਭੇਜੋ