ਮੇਰਾ ਦੁਖੜਾ ਵੱਧ ਫੁਲ ਕੇ

ਮੇਰਾ ਦੁਖੜਾ ਵੱਧ ਫੁਲ ਕੇ ਬੇਸ਼ੱਕ ਅੰਬਰ ਤੱਕ ਜਾਵੇ । 

ਮੈਂ ਨਈਂ ਚਾਹੁੰਦਾ ਉਸਦਾ ਸਾਇਆ ਤੇਰੇ ਘਰ ਤੱਕ ਜਾਵੇ । 

ਮੇਰੇ ਨਾਲ ਤੁਰਨ ਤੋਂ ਪਹਿਲਾਂ ਸੋਚ ਲਵੀਂ ਸੌ ਵਾਰੀ, 

ਸੂਲਾਂ ਭਰਿਆ ਰਸਤਾ ਹੈ ਜੋ ਪ੍ਰੇਮ ਨਗਰ ਤੱਕ ਜਾਵੇ। 

ਤੈਨੂੰ ਅਤਿਆਚਾਰ ਮੁਬਾਰਕ ਮੈਨੂੰ ਸਾਦਕ ਜਜ਼ਬਾ,

ਮੈਂ ਲੋਚਾਂ ਇਹ ਰਿਸ਼ਤਾ ਆਪਣਾ, ਨਿਭ ਆਖ਼ਰ ਤੱਕ ਜਾਵੇ। 

ਨੈਤਿਕਤਾ ਦਾ ਬਾਪੂ ਕਿਧਰੇ ਮਿਲ ਜਾਵੇ ਤਾਂ ਕਹਿਣਾ, 

ਉਸ ਦੀ ਬੇਟੀ ਮੂਲ਼ੋਂ ਹੋਈ ‘ਨਿਰਵਸਤਰ' ਤੱਕ ਜਾਵੇ। 

ਉਹ ਚਿਹਰਾ ਜੋ ਰੱਬ ਹੈ ਮੇਰਾ, ਸ਼ੀਸ਼ ਮਹੱਲੀਂ ਵਸਦੈ, 

ਮੈਂ ਮਿੱਟੀ, ਕਿਉਂ ਮੇਰਾ ਕਿਣਕਾ ਉਸਦੇ ਦਰ ਤੱਕ ਜਾਵੇ । 

ਮੈਂ ਸੜਦਾ ਹਾਂ ਸੱਜਣ ਖੁਸ਼ ਨੇ ਇਹ ਗੱਲ ਕੀਕਰ ਮੰਨਾਂ, 

ਮੇਰੀ ਅੱਗ ਦਾ ਸੇਕ ਤਾਂ ਦੁਸ਼ਮਣ ਦੀ ਆਂਦਰ ਤੱਕ ਜਾਵੇ

ਆਪਣਾ ਆਪ ਬਚਾ ਕੇ ‘ਕੇਸ਼ੀ' ਏਸ ਗਲੀ 'ਚੋਂ ਤੁਰ ਜਾਹ

ਇਸ ਤੋਂ ਪਹਿਲਾਂ ਕਿ ਸੱਜਣ ਦਾ ਹੱਥ ਖੰਜਰ ਤੱਕ ਜਾਵੇ

📝 ਸੋਧ ਲਈ ਭੇਜੋ