ਮੈਂ ਮਥਰਾ ਜਾਂਦਾ ਹਾਂ
ਕਾਸ਼ੀ ਵੀ ਜਾਂਦਾ ਹਾਂ
ਸੋਮਨਾਥ ਖੁਜਰਾਹੋ ,
ਕੋਣਾਰਕ ਅਤੇ ਕਮਾਖਿਆ
ਸਭ ਧਾਮਾਂ ਗੁਰਧਾਮਾਂ 'ਤੇ ਜਾਂਦਾ ਹਾਂ
ਹਰ ਹਰੀ ਦੁਆਰ
ਹਰ ਮੰਦਰ ਜਾਂਦਾ ਹਾਂ
ਤਾਜ ਸਿਰਤਾਜ ਇਮਾਰਤਾਂ ਦੇ
ਦਰਸ਼ਨ ਕਰਨ ਜਾਂਦਾ ਹਾਂ
ਹਰ ਵਾਰੀ ਇਹਨਾ ਦੇ ਨਿਰਮਾਤਾ
ਸ਼ਿਲਪਕਾਰਾਂ ,ਕਲਾਕਾਰਾਂ ,ਬੁੱਤ ਤਰਾਸ਼ਾਂ ਦੀ
ਅਧਭੁਤ ਅਲੌਕਿਕ ਕਲਾਕਾਰੀ ਤੇ ਮਹੀਨ ਮੀਨਾਕਾਰੀ ਨੂੰ
ਨਤਮਸਤਕ ਹੋ ਕੇ ਪਰਤ ਆਉਂਦਾ ਹਾਂ
ਇਹਨਾਂ ਵਿੱਚ ਮੈਨੂੰ ਇਸ਼ਟ ਨਹੀਂ
ਆਪਣੇ ਕਾਮੇ ਪਿਤਰਾਂ ਦੀ ਕਿਰਤ ਦਿਸਦੀ ਹੈ
ਜਿਸਨੂੰ ਮੈਂ ਸਿਰ ਝੁਕਾ ਕੇ ਪਰਤ ਆਉਂਦਾ ਹਾਂ
ਮੈਨੂੰ ਇੱਥੇ ਆ ਕੇ
ਸ਼ਲੋਕਾਂ ਜਾਂ ਟੱਲ ਟੱਲੀਆਂ ਦਾ ਸ਼ੋਰ ਨਹੀਂ
ਕਿਰਤੀਆਂ ਦੀਆਂ ਹਥੌੜੀਆਂ ਛੈਣੀਆਂ ਦਾ
ਸੰਗੀਤ ਸੁਣਾਈ ਦੇਣ ਲਗਦਾ ਹੈ
ਮੈਂ ਉਸ ਇਸ਼ਟ ਦੇ ਕਦੇ ਵੀ ਦਰਸ਼ਨ ਨਹੀਂ ਕਰ ਪਾਉਂਦਾ
ਜਿਸਦੀ ਯਾਦ ਵਿੱਚ ਇਹ ਤੀਰਥ ਸਥਲ
'ਰਾਜਿਆਂ ਮੁਕੱਦਮਾਂ ' ਨੇ ਬਣਵਾਏ ਹੁੰਦੇ ਹਨ
ਮੈਨੂੰ ਇਹਨਾਂ ਸ਼ਾਹਕਾਰ ਧਾਮਾਂ ਦੀਆਂ
ਇਮਾਰਤਾਂ ਦੀਆਂ ਨੀਹਾਂ ਵਿੱਚੋਂ
ਗ਼ੁਲਾਮਾਂ ਦਾਸਾਂ ਦੀਆਂ ਉਦਾਸ ਅਵਾਜ਼ਾਂ
ਆਉਣ ਲਗਦੀਆਂ ਹਨ
ਸ਼ਿਲਪੀਆਂ ਦੇ ਵੱਢੇ ਹੱਥ ਵਿਖਾਈ ਦੇਣ ਲਗਦੇ ਹਨ
ਧੀਆਂ,ਭੈਣਾਂ,ਪਤਨੀਆਂ ਤੇ ਮਾਪਿਆਂ ਨੂੰ
ਮਿਲ਼ਣ ਲਈ ਤਰਸਦੇ
ਬੰਧੂਆ ਮਜ਼ਬੂਰ ਮਜ਼ਦੂਰਾਂ ਦੇ
ਵੈਰਾਗਮਈ ਹਾੜ੍ਹੇ (ਪੈਰ ਵਿੱਚ ਹਾਹਾ ) ,ਹੌਕੇ ,ਹਾਵੇ
ਸੁਣਾਈ ਦੇਣ ਲਗਦੇ ਹਨ
ਤੇ ਕਦੇ ਕਦੇ ਦੇਵਦਾਸੀਆਂ ਦੇ ਕਵਾਰ ਭੰਗ ਹੋਣ ਸਮੇਂ
ਮਾਰੀਆਂ ਦਿਲ ਦਹਿਲਾਉਂਦੀਆਂ ਚੀਕਾਂ
ਸੁਣਾਈ ਦੇਣ ਲਗਦੀਆਂ ਹਨ
ਤੇ ਮੈਂ
ਹਰ ਵਾਰੀ ਐਸੇ ਸ਼ੋਸ਼ਕ ਭ੍ਰਿਸ਼ਟ ਇਸ਼ਟ ਵੱਲ ਪਿੱਠ ਕਰ
ਉਹਨਾਂ ਮਹਾਨ ਸ਼ਿਪਲਕਾਰਾਂ ,ਕਲਾਕਾਰਾਂ ਤੇ
ਉਹਨਾ ਦੇ ਪਰਿਵਾਰਾਂ ਨੂੰ
ਸਿਜਦਾ ਕਰਕੇ ਪਰਤ ਆਉਂਦਾ ਹਾਂ
ਤੇ ਕਾਫ਼ਰ ,ਅਧਰਮੀ ਅਤੇ ਨਾਸਤਿਕ ਕਹਾਉਂਦਾ ਹਾਂ ..।