ਮੇਰੇ ਬੋਲ ਅਵੱਲੇ

ਅੱਜ ਮੈਂ ਭੈੜਾ, ਅੱਜ ਮੈਂ ਝੂਠਾ, ਮੇਰੇ ਬੋਲ ਅਵੱਲੇ

ਚੰਗ ਤੁਹਾਡੀ ਹੱਟੀ ਵਿਕਦਾ, ਸੱਚ ਤੁਹਾਡੇ ਪੱਲੇ

ਅੱਜ ਵੀ ਜੇ ਮੈਂ ਅੱਖ ਮਟੱਕੇ ਦੇ ਗੀਤ ਸੁਣਾਵਾਂ

ਬਾਲ ਨਾਥ ਦੇ ਚੇਲੇ ਵਾਲੀ ਥਾਂ ਥਾਂ ਨਾਦ ਵਜਾਵਾਂ

ਕਿੱਸਿਆਂ ਦੇ ਵਿਚ ਰਾਂਝਾ ਬਣ ਬਣ ਜੇ ਮੈਂ ਵਕਤ ਗੁਜ਼ਾਰਾਂ

ਉਸੇ ਘਰ ਦੀਆਂ ਕੁੜੀਆਂ ਕੱਢਾਂ , ਓਥੇ ਸੰਨ੍ਹ ਮਾਰਾਂ

ਰੰਨਾਂ ਦੇ ਜੇ ਇਕ ਇਕ ਕਰ ਕੇ ਸਿਰ ਤੋਂ ਪੈਰਾਂ ਤਾਈਂ

ਵਾਰੋ ਵਾਰੀ ਚੱਸਕੇ ਲੈ ਲੈ ਕਰਾਂ ਮੈਂ ਸਿਫ਼ਤ ਸਨਾਈਂ

ਤਾਂ ਤੇ ਮੈਨੂੰ ਚੰਗਿਆਂ ਜਾਣੋਂ, ਮੇਰੀਆਂ ਵਾਰਾਂ ਗਾਓ

ਮੇਰੇ ਇਕ ਇਕ ਮਿਸਰੇ ਉੱਤੇ ਰਾਲਾਂ ਪਏ ਵਗਾਓ

ਜੇ ਮੈਂ ਆਖਾਂ ਅਸੀਂ ਤੁਸੀਂ ਹਾਂ ਇਕ ਆਦਮ ਦੇ ਜਾਏ

ਕਿਉਂ ਮੁੜ ਇਕ ਵਗਾਰਾਂ ਕੱਟੇ ਤੇ ਇਕ ਵੇਹਲੀਆਂ ਖਾਏ

ਜੇ ਮੈਂ ਆਖਾਂ ਦੁਨੀਆ ਉੱਤੇ ਬੇਘਰ ਕੋਈ ਨਾ ਹੋਵੇ

ਜੇ ਮੈਂ ਆਖਾਂ ਬੁੱਢੇ ਵੇਲੇ ਟੋਕਰੀ ਕੋਈ ਨਾ ਢੋਵੇ

ਜੇ ਮੈਂ ਆਖਾਂ ਮਿੱਸਾ ਲੂਣਾ ਸਾਰੇ ਰਲ ਕੇ ਖਾਈਏ

ਇਕ ਦੂਜੇ ਦੀਆਂ ਬਾਹਵਾਂ ਬਣੀਏ ਨਾਲੇ ਭਾਰ ਵੰਡਾਈਏ

ਜੇ ਮੈਂ ਆਖਾਂ ਝਗੜਿਆਂ ਵਾਲੀਆਂ ਸਾਰੀਆਂ ਮਿਸਲਾਂ ਠੱਪੀਏ

ਮਾਰ ਮੁਕਾਊ ਗੱਲਾਂ ਦੇ ਵਿਚ ਨਾ ਹਫ਼ੀਏ ਨਾ ਖਪੀਏ

ਤਾਂ ਮੈਂ ਭੈੜਾ ਤਾਂ ਮੈਂ ਝੂਠਾ, ਮੇਰੇ ਬੋਲ ਅਵੱਲੇ

ਚੰਗ ਤੁਹਾਡੀ ਹੱਟੀ ਵਿਕਦਾ, ਮੰਦਾ ਸਾਡੇ ਪੱਲੇ

📝 ਸੋਧ ਲਈ ਭੇਜੋ