ਮੇਰੇ ਦਿਲ ਨੂੰ ਦਿਲ ਨਾ ਸਮਝੀ ਦੇਖੀ ਕਹਿਰ ਕਮਾਵੀਂ ਨਾ ।
ਤੇਰੇ ਪੈਰੀਂ ਪੱਗ ਧਰੀ ਏ, ਪੱਗ ਮੇਰੀ ਠੁਕਰਾਵੀਂ ਨਾ ।
ਪਿੱਛੋਂ ਜਿਉਂ ਪਛਤਾਉਣਾ ਪੈਣੈਂ ਮਾਹੀ ਸ਼ਰਮਾ ਵਾਲੜਿਆ,
ਇਹ ਨਹਾਉਣਾ ਨਹੀਂ ਗੰਗਾ ਨਹਾਉਣਾ ਮੇਰੀ ਰੱਤ ਨਹਾਵੀਂ ਨਾ ।
ਗੁੱਲੀ, ਜੁੱਲੀ, ਕੁੱਲੀ ਓੜਕ ਹਰ ਸ਼ੈ ਰਹਿਣੀ ਏਥੋਂ ਦੀ,
ਮੰਗਣ ਵਾਲੀ ਜ਼ਿੱਲਤ ਕੋਈ ਨਹੀਂ ਹੱਥੋਂ ਪੱਤ ਗਵਾਵੀਂ ਨਾ ।
ਠਹਿਰ ਜ਼ਰਾ ਓਏ ਸੂਰਜ ਬਾਬਾ ਬਾਲ ਗ਼ਰੀਬ ਨੂੰ ਸੋਵਣ ਦੇ,
ਵੇਖ ਲਵੇ ਕੋਈ ਸੁੱਖ ਦਾ ਸੁਫ਼ਨਾ ਕੱਚੀ ਨੀਂਦ ਜਗਾਵੀਂ ਨਾ ।
ਜਿਉਣਾ ਵਾਂ ਜੇ ਆਉਣਾ ਈ ਤਾਂ ਆਜਾ, ਓ 'ਸੁਲਤਾਨ' ਹੁਣੇ,
ਮੋਏ ਪਿੱਛੋਂ ਕਬਰ ਮੇਰੀ ਤੇ ਆਵੀਂ ਭਾਵੇਂ ਆਵੀਂ ਨਾ ।