ਮੇਰੇ ਕਾਲੇ ਕਾਲੇ ਕੇਸ

ਵੇਖੋ ਜੀ ਮੇਰੇ ਕਾਲੇ ਕਾਲੇ ਕੇਸ

ਅਜ ਵੀ ਕਾਲੇ, ਕਲ੍ਹ ਵੀ ਕਾਲੇ, ਕਾਲੇ ਰਹਿਣ ਹਮੇਸ਼

ਵੇਖੋ ਜੀ ਕੇਸ ਭੁਲਾਇਆ ਰੰਗ ਬਦਲਣ ਦਾ ਢੰਗ 

ਵੇਖੋ ਜੀ ਉਮਰ-ਨਾਗ ਦਾ ਗਿਆ ਅਞਾਈਂ ਡੰਗ 

ਵੇਖੋ ਜੀ ਨੈਣਾਂ ਪੀ ਲਿਆ ਅਮਰ-ਜੋਤਨਾ-ਜਾਮ 

ਵੇਖੋ ਜੀ ਅੰਬਰ ਕੁੱਛੜ ਹੁਣ ਨਾ ਖੇਡੋ ਸ਼ਾਮ 

ਵੇਖੋ ਜੀ ਸਾਲ ਦੇ ਪੈਰੀਂ ਬੁਝ ਬੁਝ ਗਏ ਪਹਾੜ 

ਵੇਖੋ ਜੀ ਮਿੱਟੀ ਨੂੰ ਵੀ ਬੇਰੁੱਤ ਚੜ੍ਹੇ ਬੁਖ਼ਾਰ 

ਵੇਖੋ ਜੀ ਜੋਬਨ ਆਖੇ ਜੋਬਨ ਰਹੂ ਹਮੇਸ਼ 

ਵੇਖੋ ਜੀ ਮੇਰੇ ਕਾਲੇ ਕਾਲੇ ਕੇਸ

ਰੋਕ ਲਏ ਸੂਰਜ ਘੋੜੇ ਪਹੁੰਚ ਕੇ ਸਿਖਰ ਦੁਪਹਿਰ 

ਵੇਖੋ ਜੀ ਤਾਪ ਚੜ੍ਹਾ ਕੇ ਮੁਕ ਗਈ ਜ਼ਹਿਰ ਦੀ ਜ਼ਹਿਰ 

ਵੇਖੋ ਜੀ ਟੁਟ ਕੇ ਤਾਰਾ ਟਿਕ ਗਿਆ ਵਿਚ ਖ਼ਲਾ 

ਵੇਖੋ ਜੀ ਰਾਹੀਆਂ ਦੇ ਵੀ ਮੰਜ਼ਿਲ ਬਣ ਗਏ ਰਾਹ 

ਵੇਖੋ ਜੀ ਦਿਲ ਜੋਬਨ ਦਾ ਗਿਆ ਮੇਰੇ ਤੇ ਆ 

ਕਹੇ : ਮੈਂ ਸਾਂਭ ਕੇ ਰੱਖੂੰ, ਇਕ ਇਕ ਤੇਰੀ ਅਦਾ 

ਵੇਖੋ ਜੀ ਹੁਸਨ ਕਹੇ : ਮੈਂ ਨਹੀਂ ਜਾਣਾ ਪਰਦੇਸ 

ਵੇਖੋ ਜੀ ਮੇਰੇ ਕਾਲੇ ਕਾਲੇ ਕੇਸ।

📝 ਸੋਧ ਲਈ ਭੇਜੋ