ਮੇਰੇ ਨੰਗੇਜ ਵਿਚ ਦੀਵਾ

ਹਨੇਰੇ ' ਚੋਂ ਮੈਨੂੰ ਆਵਾਜ਼ ਆਈ ਹੈ

ਹਨੇਰੇ ' ਚੋਂ ਹੁਣੇ ਧੜ ਖੜਗਧਾਰੀ ਨਿਕਲਿਆ ਹੈ

ਆਪਣਾ ਸਿਰ ਆਪ ਕਟ ਕੇ ਰਿਹਾ ਹੈ

ਜਾਂ ਨਵੀਂ ਕੋਈ ਜੂਨ ਬੇਸਿਰ ਹੈ

ਇਸ ਦਾ ਤਨ : ਆਵਾਜ਼ ਬੇਮੂੰਹੀ

ਜੋ ਮੇਰੀ ਅੱਖ ਦੇ ਵਿਚ ਝਾਕ ਨਹੀਂ ਸਕਦੀ 

ਜੋ ਮੇਰੀ ਆਤਮਾ ਵਿਚ ਬਿਨ ਇਜਾਜ਼ਤ ਬੈਠ ਚੱਲੀ ਹੈ 

ਆਤਮਾ ਦੇ ਦਰ ਨਹੀਂ ? ਦੀਵਾਰ ਨਹੀਂ

ਏਸ ਥਾਂ ਮਹਿਮਾਨ ਬੇਦਸਤਕ, ਬਿਨਾ ਅਧਿਕਾਰ 

ਕੇ ਬੈਠ ਜਾਂਦੇ ਨੇ ?

ਮੈਂ ਆਪਣੇ ਜਿਸਮ ਵਿਚ ਨੰਗਾ, ਨਿਰਾ ਆਨੰਦ ਬੈਠਾ ਸਾਂ 

ਇਸ ਨੇ ਮੈਨੂੰ ਤਨ ਵਲੇਟਣ ਦੇ ਲਈ ਵੀ 

ਵਿਹਲ ਨਹੀਂ ਦਿੱਤੀ

ਮੇਰੇ ਨੰਗੇਜ ਵਿਚ ਦੀਵਾ ਜਿਹਾ ਇਕ ਬਾਲ ਧਰਿਆ ਹੈ 

ਮੈਂ ਅਪਣੀ ਰੌਸ਼ਨੀ ਵਿਚ ਸਹਿਮਿਆ 

ਨਿਰਵਾਕ ਬੈਠਾ ਹਾਂ

ਕੋਈ ਕੰਜਕ ਜਿਵੇਂ ਸੁਪਨੇ 

ਪਰਾਇਆ ਬਾਲ ਜਣ ਕੇ ਤ੍ਰਭਕ ਉੱਠੀ ਹੈ

ਹਨੇਰੇ ' ਚੋਂ ਮੈਨੂੰ ਆਵਾਜ਼ ਆਈ ਹੈ 

ਹਨੇਰੇ ' ਚੋਂ ਹੁਣੇ ਧੜ ਖੜਗਧਾਰੀ ਨਿਕਲਿਆ ਹੈ

 

📝 ਸੋਧ ਲਈ ਭੇਜੋ