ਮੇਰੇ ਰੰਗ ਦਾ ਪਾਣੀ

ਸਾਉਣ ਮਹੀਨੇ ਕੂਲ੍ਹੀਂ ਵਗਦਾ

ਮੇਰੇ ਰੰਗ ਦਾ ਪਾਣੀ

ਨੀ ਮਾਏ ਮੇਰੀਏ

ਨਿੱਕੇ ਨਿੱਕੇ ਘੁੰਗਰੂ ਬੰਨ੍ਹ ਪੈਰਾਂ ਥੀਂ

ਨਿੱਕੇ ਨਿੱਕੇ ਵੱਟਿਆਂ ਥਾਣੀਂ

ਨੀ ਮਾਏ ਮੇਰੀਏ

ਨੀਮ ਵੈਂਗਣੀ ਨੀਲੇ ਪਰਬਤ

ਜਿਉਂ ਗਗਨਾਂ ਦੇ ਹਾਣੀ

ਨੀ ਮਾਏ ਮੇਰੀਏ

ਲਾਲ ਕਲੇਜੀ ਰੰਗਾ ਸੂਰਜ

ਫੁੱਲ ਅੰਬਰ ਦੀ ਟਾਹਣੀ

ਨੀ ਮਾਏ ਮੇਰੀਏ

ਨੀਮ ਗੁਲਾਬੀ ਉੱਡਣ ਬੱਦਲ

ਜਿਉਂ ਕੰਵਲਾਂ ਦੀ ਢਾਣੀ

ਨੀ ਮਾਏ ਮੇਰੀਏ

ਪੌਣਾਂ ਦੇ ਸਾਹ ਚੁੰਮਣਾਂ ਵਰਗੇ

ਪੀਵੇ ਜਿੰਦ ਨਿਮਾਣੀ

ਨੀ ਮਾਏ ਮੇਰੀਏ

ਜਿਉਂ-ਜਿਉਂ ਪੀਵੇ ਤਿਉਂ-ਤਿਉਂ ਰੋਵੇ

ਲੱਭੇ ਮੋਏ ਹਾਣੀ

ਨੀ ਮਾਏ ਮੇਰੀਏ

ਅੱਥਰੀ ਪੀੜ ਕਲੇਜੇ ਚੁਗਦੀ

ਗ਼ਮ ਦੀ ਚੋਗ ਪੁਰਾਣੀ

ਨੀ ਮਾਏ ਮੇਰੀਏ

ਸੱਦ ਤਬੀਬਾ ਜਿਸ ਦੇ ਬਾਝੋਂ

ਇਹ ਜਿੰਦ ਦਰਦ-ਰੰਝਾਣੀ

ਨੀ ਮਾਏ ਮੇਰੀਏ

ਉਹਦੇ ਸਾਥ ਬਿਨਾਂ ਇਹ ਸਾਥੋਂ

ਜਾਵੇ ਰੁੱਤ ਨਾ ਮਾਣੀ

ਨੀ ਮਾਏ ਮੇਰੀਏ

ਜੇ ਮੈਂ ਮਾਣਾਂ ਛਿੜਬ ਕਰੀਵੇ

ਮੇਰੀ ਪੀੜ ਨਿਆਣੀ

ਨੀ ਮਾਏ ਮੇਰੀਏ

ਸਾਉਣ ਮਹੀਨੇ ਕੂਲ੍ਹੀਂ ਵਗਦਾ

ਮੇਰੇ ਰੰਗ ਦਾ ਪਾਣੀ

ਨੀ ਮਾਏ ਮੇਰੀਏ

📝 ਸੋਧ ਲਈ ਭੇਜੋ