ਮੇਰੀ ਬਸਤੀ ਦੇ ਗੂੰਗੇ ਬਿਰਖ ਜਦੋਂ ਬੋਲਣਗੇ ।
ਪਤਾ ਕੀ ਹੈ ਕਿ ਉਹ ਕਿੱਦਾਂ ਦੇ ਭੇਤ ਖੋਲ੍ਹਣਗੇ ।
ਕਿ ਮੂਰਤ ਹਾਂ ਅਜੇ ਯਾਰਾਂ ਨੂੰ, ਮਿਲ ਹੀ ਪੈਂਦਾ ਹਾਂ,
ਹਵਾ ਵਿਚ ਰਲ ਗਿਆ ਜਦ ਮੈਂ ਤਾਂ ਕਿੱਥੇ ਟੋਲਣਗੇ।
ਲਹੂ ਦੇ ਦੇ ਕੇ ਮੈਂ ਸੁਪਨੇ ਜਵਾਨ ਕੀਤੇ ਸਨ,
ਨਹੀਂ ਸੀ ਖ਼ਬਰ ਇਹ ਪਗੜੀ ਮੇਰੀ ਨੂੰ ਰੋਲਣਗੇ ।
ਉਹ ਮੇਰੇ ਯਾਰ ਸਨ ਪਰਬਤ ਦੇ ਜੇਰਿਆਂ ਵਰਗੇ,
ਕਦੀ ਨਾ ਸੋਚਿਆ ਪਾਰੇ ਦੇ ਵਾਂਗ ਡੋਲਣਗੇ ।
ਨਹੀਂ ਸੀ ਆਸ ਕਿ ਐਸੀ ਵੀ ਰੁੱਤ ਆਏਗੀ,
ਕਿ ਮਾਲੀ ਆਪ ਹੀ ਫੁੱਲਾਂ ਨੂੰ ਇੰਜ ਮਧੋਲਣਗੇ।
ਕਥਾ ਵਿੱਚ ਥਾਂ ਕੁ ਥਾਂ ‘ਕੇਸ਼ੀ' ਦਾ ਜ਼ਿਕਰ ਆਏਗਾ,
ਕਿਸੇ ਦੇ ਕੋਲ ਜਦ ਬਹਿ ਕੇ ਉਹ ਦਿਲ ਫਰੋਲਣਗੇ।