ਮੇਰੀ ਫਿਤਰਤ ਉਡਾਰੀ ਹੈ ਉਡਾਰੀ ਮਾਰ ਜਾਵਾਂਗਾ
ਉਸਾਰੀ ਹਰ ਤੇਰੀ ਦੀਵਾਰ ਨੂੰ ਕਰ ਪਾਰ ਜਾਵਾਂਗਾ।
ਪਰਿੰਦਾ ਹਾਂ ਅਜ਼ਾਦੀ ਜਨਮ ਸਿੱਧ ਅਧਿਕਾਰ ਹੈ ਮੇਰਾ
ਲਗਾਏ ਹਰ ਤੇਰੇ ਪਹਿਰੇ ਨੂੰ ਮੈਂ ਦੁਰਕਾਰ ਜਾਵਾਂਗਾ।
ਕਦੇ ਪੰਛੀ, ਹਵਾਵਾਂ ਮੈਂ ਕਦੇ ਹਾਂ ਮਹਿਕ ਫੁੱਲਾਂ ਦੀ
ਕਦੇ ਵਹਿੰਦੇ ਝਨਾਵਾਂ ਦੀ ਤਰ੍ਹਾਂ ਉਸ ਪਾਰ ਜਾਵਾਂਗਾ।
ਗ਼ਜ਼ਲ ਤਰਕਸ਼ ਮੇਰੀ ਤੇ ਤੀਰ ਸਾਰੇ ਸਿਅਰ ਨੇ ਮੇਰੇ
ਚਲਾ ਕੇ ਬਾਣ ਸ਼ਬਦਾਂ ਦੇ ਬਦਲ ਕਿਰਦਾਰ ਜਾਵਾਂਗਾ।
ਝਨਾ, ਰਾਵੀ, ਬਿਆਸਾ, ਸਤਲੁਜਾਂ ਦੀ ਲੋਰ ਸੀਨੇ ਵਿੱਚ
ਮਿਟਾ ਕੇ ਆਪ ਨੂੰ ਫੁੱਲ ਆਪਣੇ ਮੈਂ ਤਾਰ ਜਾਵਾਂਗਾ।
ਉਨੀਂਦਾ ਹਾਂ ਖ਼ਲਸ਼ ਅੰਦਰ ਦੀ ਮੈਨੂੰ ਸੌਣ ਨਹੀਂ ਦਿੰਦੀ
ਮੈਂ ਗਾਫ਼ਿਲ ਸੁੱਤਿਆਂ ਲੋਕਾਂ ਨੂੰ ਵਾਜਾਂ ਮਾਰ ਜਾਵਾਂਗਾ।
ਗ਼ੁਲਾਮੀ ਰਾਸ ਬੇਸ਼ਕ ਆ ਗਈ ਮੌਕਾ ਪਰਸਤਾਂ ਨੂੰ
ਅਜ਼ਾਦੀ ਦੀ ਸ਼ਮਾ ਤੇ ਜ਼ਿੰਦਗੀ ਮੈਂ ਵਾਰ ਜਾਵਾਂਗਾ।
ਵਿਆਕੁਲ ਬੱਚਿਆਂ ਦੀ ਮੁਫ਼ਲਿਸੀ ਤੇ ਤਰਸ ਖਾ ਰੱਬਾ
ਤੂੰ ਲਿੱਸੇ ਚਿਹਰਿਆਂ ਤਾਈਂ ਹਸਾ ਬਲਹਾਰ ਜਾਵਾਂਗਾ।
ਤੂਫਾਨਾਂ ਵਿੱਚ ਵੀ ਉੱਪਲ ਹਾਂ ਕਿਨਾਰਾ ਛੋੜ ਆਇਆ ਮੈਂ
ਕਿ ਮੈਂ, ਤਰ ਕੇ ਨਦੀ, ਅੱਜ ਸੋਚਿਆ ਹੈ ਪਾਰ ਜਾਵਾਂਗਾ।