ਤੇਰਾ ਇਹ ਜੀਵਨ
ਬਿਲਕੁਲ ਗੋਲ ਹੈ ਮੇਰੇ ਮੌਲਾ
ਮੈਂ ਇਸ ਦਾ ਕੀ ਕਰਾਂ?
ਜਿਥੋਂ ਵੀ ਤੁਰਾਂ
ਜਿਸ ਵੀ ਪਾਸੇ ਤੁਰਾਂ
ਵਾਪਸ ਉਸੇ ਥਾਂ ਪਹੁੰਚ ਜਾਂਦਾ ਹਾਂ
ਕਿੰਨਾ ਵੀ ਤੁਰਾਂ ਚਾਹੇ
ਮੈਂ ਕਿਤੇ ਵੀ ਨਹੀਂ ਪਹੁੰਚਦਾ
ਇਹ ਤੂੰ ਕੀ ਸਫਰ ਬਣਾਇਆ ਹੈ
ਇਹ ਨਾ ਸ਼ੁਰੂ ਹੁੰਦਾ ਹੈ
ਨਾ ਮੁਕਦਾ ਹੈ
ਟਰੈੱਡ ਮਿੱਲ ਦੀ ਤਰਾਂ
ਸਿਰਫ ਪੈਰ ਚੱਲਦੇ ਦਿਸਦੇ ਹਨ
ਮੈਂ ਪ੍ਰੈਕਟਿਸ ਕਰਦਾਂ
ਇਸ ਨੂੰ ਜਿਊਣ ਦੀ
ਮੈਂ ਕਿਤੇ ਵੀ ਨਹੀਂ ਪਹੁੰਚਦਾ
ਹੁਣ ਹੰਭ ਗਿਆ ਹਾਂ ਬੱਸ
ਹੋਰ ਨਾ ਪਰਖ
ਮੈਨੂੰ ਪਰਖਕੇ ਵੀ ਕੀ ਕਰੇਂਗਾ
ਫੇਲ੍ਹ ਪਾਸ ਸਭ ਤੇਰੀ ਰਜ਼ਾ ਹੈ
ਮੈਂ ਤਾਂ ਸਿਰਫ ਦੌੜਨ ਦਾ ਸਮਾਨ ਹਾਂ
ਥੱਕ ਗਿਆ ਹਾਂ
ਇਹ ਦੌੜ ਮੇਰੇ ਵੱਸ ਦੀ ਨਹੀਂ
ਆਹ ਲੈ ਮੈਂ ਬੈਠਣ ਲੱਗਾਂ
ਅੱਗੇ ਤੇਰੀਆਂ ਤੂੰ ਜਾਣੇਂ