ਮੇਰੀ ਗ਼ਲਤੀ ਸਿਰਫ਼ ਇੰਨੀ ਸੀ
ਉਹ ਮੈਨੂੰ ਆਪਣਾ ਜਾਪਿਆ
ਜਿਵੇਂ ਚਿਰਾਂ ਤੋਂ ਵਿੱਛੜਿਆ ਦੋਸਤ ਹੋਵੇ
ਰੂਹ ਦਾ ਸਾਥੀ
ਉਸ ਦੀਆਂ ਗੱਲਾਂ ਵਿੱਚ ਅਪਣੱਤ ਸੀ
ਮੇਰੀ ਰੂਹ ਤੱਕ ਸੁੰਨਸਾਨ ਸੀ
ਉਸ ਦੇ ਚਮਕਦੇ ਚਿਹਰੇ ਨੂੰ ਦੇਖ
ਇੰਝ ਲੱਗਾ
ਸੁੰਨਸਾਨ ਕਬਰ ਤੇ ਦੀਵਾ ਜਗਿਆ ਹੋਵੇ
ਮੈਂ ਚਾਹੁੰਦੀ ਸੀ ਉਹਦੇ ਨਾਲ ਦਿਲ ਦੀਆਂ ਗੱਲਾਂ ਕਰਨਾ
ਇਹੀ ਤਰੀਕਾ ਸੀ ਰੂਹ ਤਕ ਅੱਪੜਨ ਦਾ
ਪਰ ਉਹ ਦੀ ਖਵਾਹਿਸ਼ ਰੂਹ ਤੋਂ ਪਹਿਲਾਂ ਸਰੀਰ ਤੇ ਹੀ ਮੁੱਕ ਰਹੀ ਸੀ
ਮੈਂ ਵਾਰ ਵਾਰ ਕਹਿੰਦੀ ਆਪਾਂ ਗੱਲਾਂ ਕਰੀਏ
ਮਿਲ ਕੇ ਕਰਾਂਗੇ ਹਰ ਵਾਰ ਇਹੀ ਜਵਾਬ ਮਿਲਦਾ
ਜਿਨ੍ਹਾਂ ਦੀ ਤਾਂਘ ਸਰੀਰ ਤੱਕ ਹੋਵੇ
ਉਹ ਰਾਤਾਂ ਲੋਚਦੇ ਨੇ
ਇਕੱਠਿਆਂ ਬਿਤਾਉਣਾ
ਮੈਨੂੰ ਮੇਰੀ ਮੰਜ਼ਿਲ ਤਕ ਪਹੁੰਚਣ ਦਾ ਰਾਹ ਨਾ ਮਿਲਿਆ
ਉਹਨੂੰ ਉਹਦੀ ਮੰਜ਼ਿਲ ਪਹੁੰਚ ਤੋਂ ਬਾਹਰ ਲੱਗੀ
ਅਸੀਂ ਆਪਣੇ ਆਪਣੇ ਰਾਹ ਪੈ ਗਏ
ਅਜਿਹੇ ਹਾਦਸੇ ਜਦੋਂ ਵਾਪਰ ਦੇ ਨੇ
ਇੱਕ ਖਲਾਅ ਪੈਦਾ ਕਰ ਜਾਂਦੇ ਨੇ
ਲੋਕ ਤੁਹਾਨੂੰ ਛੱਡ ਕੇ ਕਦੇ ਨਹੀਂ
ਜਾਂਦੇ
ਮਨ ਦੀ ਕਾਲ ਕੋਠੜੀ ਵਿਚ
ਕਿਸੇ ਖੂੰਜੇ ਵਿੱਚ ਪਏ ਰਹਿੰਦੇ ਨੇ
ਜਦੋਂ ਵੀ ਤੁਸੀਂ ਇਕੱਲੇ ਹੁੰਦੇ
ਆਣ ਖਲੋਂਦੀ ਨੇ ਅੱਖਾਂ ਮੂਹਰੇ
ਯਾਦਾਂ ਦੇ ਪ੍ਰੇਤ