ਉਦੋਂ ਹਾਜ਼ਰ ਸਾਂ ਮੈਂ
ਤੇਰੇ ਹੱਥ ਵਿਚ ਜਦੋਂ ਤਲਵਾਰ
ਨੰਗੀ ਪਿਆਸ ਵਾਂਗੂੰ ਤੜਫੜਾਈ ਸੀ
ਲਹਿਰਦਾ, ਸੁਲਗਦਾ ਮੇਲਾ
ਜਦੋਂ ਸੁੱਕੇ ਸਰੋਵਰ ਵਾਂਗ ਗੁੰਮਸੁੰਮ ਬੁੱਝ ਗਿਆ ਸੀ
ਦੂਰ ਤੀਕਰ ਚੁੱਪ ਦੇ ਬੰਜਰ ਵਿਛੇ ਸਨ
ਜਿਨ੍ਹਾਂ ਦੇ ਵਿਚ ਸਵਾਸ ਵੀ ਉੱਗਦਾ ਨਹੀਂ ਪੂਰਾ
ਉਦੋਂ ਹਾਜ਼ਰ ਸਾਂ ਮੈਂ
ਤੇਰੇ ਮੂੰਹੋਂ ਜਦੋਂ ਇਕ ਬੋਲ ਦਾ ਟੁਕੜਾ
ਸੁਲਗਦੀ ਲਾਟ ਵਾਂਗੂੰ ਨਿਕਲਿਆ ਸੀ
ਸੀਸ ਜਿਸ ਦੇ ਪਾਸ ਹੈ ਹਾਜ਼ਰ ਕਰੋ
ਉਦੋਂ ਬੇਸੀਸ ਬੰਦੇ ਵਾਂਗ ਮੇਰੀ ਹਾਜ਼ਰੀ ਸੀ
ਮੇਰੇ ਸੀਨੇ 'ਚ ਮੇਰੀ ਜਾਨ
ਅਚੇਤੀ ਲਹਿਰ ਵਾਂਗੂੰ ਤ੍ਰਭਕ ਕੇ ਉਠੀ
ਤੇ ਫਿਰ ਡੀਕੀ ਨਦੀ ਦੀ ਲਹਿਰ ਵਾਂਗੂੰ ਸੌਂ ਗਈ
ਮੈਂ ਆਪਣੇ ਆਪ ਦੀ ਇਕ ਲੀਕ
ਆਪਣੀ ਹਾਜ਼ਰੀ ਤੋਂ ਬਿਨ ਉਦੋਂ ਕੁਝ ਵੀ ਨਹੀਂ ਸਾਂ
ਮੈਂ ਅਪਣੀ ਥਾਂ ਤੇ ਬੈਠਾ ਸਾਂ ਬਿਰਛ ਵਾਂਗੂੰ
ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛਡ ਕੇ
ਸਬੂਤਾ ਵੱਢ ਦਿਤਾ ਸੀ
ਨਿਰੀ ਨੰਗੀ ਨਿਕੱਦੀ ਹੀਣਤਾ
ਮੇਰੇ ਉਪਰ ਮੇਰੀ ਅਪਣੀ ਵੀ ਛਾਂ ਕੋਈ ਨਹੀਂ ਸੀ
ਉਦੋਂ ਹਾਜ਼ਰ ਸਾਂ ਮੈਂ
ਤੇਰੀ ਤੱਕਣੀ ਜਦੋਂ ਛਿਲਤੀ ਕਿਰਨ ਵਾਂਗੂੰ
ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ
ਮੇਰੇ ਅੰਦਰ ਜੋ ਇਕ ਸੂਰਜ ਜਿਹਾ ਤੂੰ ਬਾਲ ਧਰਿਆ ਸੀ
ਉਹਦੇ ਚਾਨਣ 'ਚ ਮੇਰੀ ਹਉਂ ਵਿਆਕੁਲ ਸੀ
ਮੈਂ ਆਪਣੇ ਆਪ ਨੂੰ ਪੁੱਛਦਾ ਪਿਆ ਸਾਂ
ਮੇਰੇ ਧੜ ਤੇ ਮੇਰਾ ਸਿਰ ਹੈ ਜਾਂ ਸਿਰ ਦਾ ਦੰਭ ਹੈ
ਜੋ ਵਿਖਾਇਆ ਜਾ ਤਾਂ ਸਕਦੈ
ਵਰਤਿਆ ਬਿਲਕੁਲ ਨਹੀਂ ਜਾਂਦਾ
ਮੈਂ ਅਪਣਾ ਆਪ ਹਾਂ ਜਾਂ ਅਜਨਬੀ ਹਾਂ
ਮੈਂ ਗੁਰੂ-ਦਰਬਾਰ ਵਿਚ ਬੈਠਾ ਪੁਰਖ ਹਾਂ
ਜਾਂ ਨਾਰ ਹਾਂ
ਜੋ ਘਰੋਂ ਨਿਕਲੀ ਤਾਂ ਸੀ
ਪਿੰਡੇ ਤੇ ਇਕ ਵਾਫਰ ਜਿਹਾ ਅੰਗ ਜੋੜ ਕੇ
ਪਰ ਭਰੇ ਚਾਨਣ, ਭਰੇ ਬਾਜ਼ਾਰ ਸਭ ਦੇ ਸਾਮ੍ਹਣੇ
ਅੰਗ ਭਰਿਆ
ਨਾਰ ਦਾ ਬੱਚਾ ਅਸਲ ਸਭ ਤੇ ਉਜਾਗਰ ਹੋ ਗਿਆ
ਮੈਨੂੰ ਹੁਣ ਆਪਣੀ ਹੀ ਹਾਜ਼ਰੀ ਇਕ ਭਾਰ ਲਗਦੀ ਸੀ
ਤੇ ਭਰੇ ਮੇਲੇ ਦੀ ਚੁੱਪ
ਬੋਝ ਸੀ ਉਪਹਾਸ ਦਾ
ਤੇ ਚਮਤਕਾਰਾ ਜਦੋਂ ਹੋਇਆ
ਉਦੋਂ ਹਾਜ਼ਰ ਸਾਂ ਮੈਂ
ਮੇਰੇ ਲਾਗੇ ਹੀ ਬੈਠਾ ਸੀ ਚਮਤਕਾਰੀ
ਜਿਨ੍ਹੇ ਅਪਣੇ ਹੀ ਹੱਥੀਂ ਸੀਸ ਲਾਹ ਕੇ ਆਪਣਾ
ਸਹਿਜੇ ਟਿਕਾ ਦਿੱਤਾ ਤੇਰੇ ਚਰਨੀਂ
ਤੇਰੇ ਹੱਥ ਵਿਚ ਅਚਲ ਤਲਵਾਰ ਵੀ
ਛਿਣ ਭਰ ਲਈ ਥੱਰਰਾ ਗਈ ਸੀ
ਮੁਅਜਜ਼ਾ ਤੱਕ ਕੇ
ਸੀਸ ਵਾਲੇ ਸੀਸ ਅਰਪਨ ਵਾਸਤੇ
ਤਲਵਾਰ ਦੇ ਮੁਹਤਾਜ ਨਹੀਂ ਹੁੰਦੇ
ਚਮਤਕਾਰੀ ਨੇ ਅਪਣਾ ਸੀਸ
ਇਉਂ ਸਹਿਜੇ ਟਿਕਾਇਆ ਸੀ ਤੇਰੇ ਚਰਨੀਂ
ਜਿਵੇਂ ਅੰਬਰ ਦੇ ਪੈਰੀਂ
ਨਿਤ ਸਵੇਰਾ ਅਪਣਾ ਸੂਰਜ ਬਾਲ ਧਰਦਾ ਹੈ
ਤ੍ਰਭਕ ਕੇ ਉੱਠੀ ਸੀ ਮੇਰੀ ਜਾਨ
ਮੁੜ ਕੇ ਵਿਰਲ 'ਚੋਂ ਡੁੱਲ੍ਹ ਜਾਣ ਲਈ
ਕੀਲ ਵਿਚ ਬੱਝਾ ਹੋਇਆ ਮੇਲਾ
ਰਤਾ ਕੁ ਹਿੱਲ ਕੇ ਥਿਰ ਹੋ ਗਿਆ
ਚੁੱਪ ਬਰੜਾਈ ਰਤਾ
ਤੇ ਫਿਰ ਬਰੇਤੇ ਸੌਂ ਗਈ
ਤੇ ਚਮਤਕਾਰੀ ਪੁਰਖ ਇਕ ਹੋਰ
ਹੋਰ ਤੇ ਇਕ ਹੋਰ ਤੇ ਇਕ ਹੋਰ
ਇਕ ਗਗਨ ਇੱਕੋ ਸਮੇਂ
ਕਈ ਸੂਰਜ ਉਦੈ ਹੋਏ
ਤੇ ਮੈਂ ਬੇਸੀਸਾ ਧੀਰਿਆ
ਸ਼ੁਕਰ ਹੈ, ਹੁਣ ਗੁਰੂ ਨੂੰ ਲੋੜ ਨਹੀਂ
ਤੇ ਜਦੋਂ ਤੂੰ ਸੀਸ ਨੂੰ
ਦਸਤਾਰ ਦਾ ਸਤਿਕਾਰ ਦੇ ਕੇ
ਤਖ਼ਤ ਉੱਤੇ ਪਾਸ ਅਪਣੇ ਹੀ ਬਿਠਾਇਆ ਸੀ
ਮੈਂ ਝੂਰਿਆ :
ਹਾਇ ਜੇ ਪਹਿਲਾਂ ਪਤਾ ਹੁੰਦਾ
ਕਿ ਏਨਾ ਪਿਆਰ ਦੇ ਕੇ
ਸਤਿਗੁਰੂ ਨੇ ਸੀਸ ਵਾਪਸ ਮੋੜ ਦੇਣਾ ਹੈ
ਤਾਂ ਮੈਂ.....
ਤਾਂ ਮੈਂ ......
ਮੰਨਿਆਂ ਕਿ ਮੇਰੇ ਧੜ ਤੇ ਮੇਰਾ ਸੀਸ ਨਹੀਂ
ਸੀਸ ਦਾ ਪਾਖੰਡ ਤਾਂ ਹੈ
ਮੈਂ ਇਹ ਪਾਖੰਡ ਹੀ ਅਪਣੇ ਗੁਰੂ ਨੂੰ ਭੇਟ ਕਰਦਾ
ਪਰ ਨਹੀਂ
ਤੇਰੀ ਤਕਣੀ ਅਜੇ ਛਿਲਤੀ ਕਿਰਨ ਵਾਂਗੂੰ
ਮੇਰੇ ਵਿਰਲਾਂ 'ਚੋਂ ਅੰਦਰ ਝਾਕਦੀ ਸੀ
ਮੇਰੇ ਅੰਦਰ ਜੋ ਤੂੰ ਸੂਰਜ ਜਿਹਾ ਇਕ ਬਾਲ ਧਰਿਆ ਸੀ
ਉਹ ਜਿਉਂਦਾ-ਜਾਗਦਾ ਸੀ
ਤੇ ਕਹਿ ਰਿਹਾ ਸੀ :
ਏਸ ਥਾਵੇਂ ਦੰਭ ਦਾ ਸਿੱਕਾ ਨਹੀਂ ਚਲਦਾ
ਸੀਸ ਅਰਪਨ ਦਾ ਸਦਾ ਵੇਲਾ ਹੈ, ਪਰ
ਅਪਣੇ ਧੜ 'ਤੇ ਸੀਸ ਪੈਦਾ ਕਰ
ਮੈਂ ਤੇਰੇ ਦਰਬਾਰ ਵਿਚ
ਹਾਲੇ ਵੀ ਹਾਜ਼ਰ ਹਾਂ
ਮੈਂ ਅਪਣੀ ਥਾਂ ਤੇ ਬੈਠਾ ਹਾਂ
ਬਿਰਛ ਵਾਂਗੂੰ
ਜਿਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛਡ ਕੇ
ਸਬੂਤਾ ਵੱਢ ਦਿਤਾ ਹੈ
ਮੇਰੇ ਧੜ ਤੇ ਅਜੇ ਤੀਕਰ ਵੀ ਮੇਰਾ ਸੀਸ ਨਹੀਂ
ਪਰ ਸੀਸ ਦਾ ਪਾਖੰਡ ਵੀ ਨਹੀਂ
ਸੋਚਦਾ ਹਾਂ :
ਮੇਰੇ ਧੜ ਤੇ ਨਵੇਂ ਸੂਰਜ ਜਿਹਾ
ਜਦ ਸੀਸ ਉੱਗੇਗਾ
ਰੌਸ਼ਨੀ ਉਸ ਦੀ
ਗੁਰੂ ਦਾ ਨਾਮ ਲੈ ਕੇ, ਅਰਪ ਦੇਵਾਂਗਾ
ਨਿਰੀ ਨੰਗੀ ਨਿਕੱਦੀ ਹੀਣਤਾ
ਮੈਥੋਂ ਹੁਣ ਜੀਵੀ ਨਹੀਂ ਜਾਂਦੀ