ਮੇਰੀ ਮਾਂ ਬੋਲੀ ਦਾ ਤਾਜ

ਸ਼ਕਰਗੰਜ ਨੇ ਇਲਾਹੀ ਬਾਣੀ ਦਾ ਜਦੋਂ ਪਹਿਲਾ ਹਰਫ਼ ਪੰਜ ਆਬਾਂ ਦੀ ਜਾਈ 

ਪੰਜਾਬੀ ਵਿੱਚ ਲ਼ਿਖਿਆ 

ਉਹ ਕੋਈ ਵੱਡਭਾਗਾ ਸੁਭਾਗਾ ਕਰਾਤਾਰੀ ਪਲ ਸੀ 

ਇਹ ਪਹਿਲਾ ਅੱਖਰ ,

ਅੱਖਰ ਨਹੀਂ 

ਬਲਕਿ ਮੇਰੀ ਮਾਂ ਬੋਲੀ ਦੇ 

ਸਿਰ ਪਹਿਨਾਇਆ ਗਿਆ ਤਾਜ ਸੀ 

ਕਾਮਿਆਂ , ਕਿਸਾਨਾਂ ਹਾਲੀਆਂ ,ਪਾਲੀਆਂ ,ਆਜੜੀਆਂ 

ਦਸਤਕਾਰਾਂ ਦੀ ਸਦੀਆਂ ਸਦੀਆਂ ਦੀ ਨਕਾਰੀ ਵਿਸਾਰੀ

ਭਟਕਦੀ ਮਾਂ ਨੂੰ ਨਸੀਬ ਹੋਇਆ ਉੱਚਾ ਤਖਤ ਸੀ , ਰਾਜ-ਭਾਗ ਸੀ 

ਜਦੋਂ ਉਨ੍ਹਾ ਸਭ ਤੋਂ ਪਹਿਲੀ ਵਾਰ 

ਅਲਿਫ ਨਾਲ ਅੱਲ੍ਹਾ ਲਿਖਿਆ 

ਤਾਂ ਅਨਪੜ੍ਹ ਪੇਂਡੂ ਗੰਵਾਰ ਤਖ਼ੱਲਸਾਂ ਦੇ ਤੀਰਾਂ ਨਾਲ 

ਵਿਨ੍ਹੀ ਜਾਂਦੀ ਰਹੀ ਖਲਕਤ ਦੀ ਜ਼ਬਾਨ 

ਸੱਚਖੰਡ ਦੇ ਰੂਹਾਨੀ ਰਾਹਾਂ ਦੀ 

ਪਹਿਚਾਣ ਬਣ ਗਈ 

ਅੱਲਾ ਜਿਸਨੂੰ ਗੁਰਾਂ ਸਤਿਗੁਰ ਕਹਿ ਦੁਹਰਾਇਆ 

ਰਬਾਬੀ ਮਰਦਾਨਿਆਂ ਵਾਰ-ਵਾਰ ਗਾਇਆ 

ਭਗਤਾਂ ਪੀਰਾਂ ਸੁਖਨਵਰਾਂ ਸੂਫ਼ੀ ਫ਼ਕੀਰਾਂ ਵਡਿਆਇਆ ਉਚਿਆਇਆ

ਸ਼ਕਰਗੰਜ ਨੇ ਜਦੋਂ 

ਖ਼ਾਲਕ ਖ਼ਲਕ ਮਹਿ ਖ਼ਲਕ ਵੱਸੈ ਰੱਬ ਮਾਹਿ ਲਿਖਿਆ 

ਤਾਂ ਖ਼ਲਕਤ ਦੀ ਬੋਲੀ ਨੂੰ ਵੀ ਦੇਵ ਭਾਸ਼ਾ ਹੋਣ ਦਾ ਵਰ ਮਿਲਿਆ

ਜਦੋਂ ਇਸ ਇਲਾਹੀ ਦਰਵੇਸ਼ ਨੇ ਹਲਵਾਹਕਾਂ ਦਸਤਕਾਰਾਂ ਕਾਮਿਆਂ ਦੇ 

ਕਰਮ ਕਿਰਤ ਦੇ ਬਿੰਬਾਂ ਨੂੰ 

ਸ਼ਲੋਕਾਂ ਦਾ ਸ਼ਿੰਗਾਰ ਬਣਾਇਆ 

ਤਾਂ ਇੰਜ ਜਾਪਣ ਲੱਗ ਪਿਆ 

ਕਿ ਕਿੱਕਰਾਂ , ਕਸੁੰਭੜੇ , ਕਪਾਹਾਂ , ਕੰਬਲ਼ੀਆਂ

ਚਰਖੇ , ਸੂਤ

ਕਾਗ , ਕੂੰਜਾਂ , ਕੋਇਲਾਂ , ਬਗਲੇ ਵੀ 

ਰੱਬ ਦਾ ਰਾਹ ਦੱਸਣਹਾਰ ਹੋ ਗਏ 

ਸ਼ਕਰਗੰਜ ਨੇ ਇਲਾਹੀ ਬਾਣੀ ਦਾ ਜਦੋਂ ਪਹਿਲਾ ਹਰਫ਼ ਪੰਜ ਆਬਾਂ ਦੀ ਜਾਈ 

ਪੰਜਾਬੀ ਵਿੱਚ ਪਾਇਆ

ਤਾਂ ਪੰਜਾਬੀ ਦੀ ਝੋਲੀ ਸਦਾ ਸੁਹਾਗਣ ਹੋਣ ਦੀ 

ਦੁਆ ਪਈ ਸੀ 

ਬੋਲੀ ਨੂੰ ਭਾਸ਼ਾ ਬਣਨ ਦਾ ਵਰ ਮਿਲਿਆ 

ਚਿਰਾਂ ਤੋਂ ਭਟਕਦੀ 

ਇਸ ਕਰਮਾ ਮਾਰੀ ਬੋਲੀ ਨੂੰ

ਕਰਮਾਵਾਲੀ ਬਣਾ ਦਿੱਤਾ ਸੀ 

ਉਸ ਦਰਵੇਸ਼ ਸ਼ਕਰਗੰਜ ਫਰੀਦ ਨੇ

📝 ਸੋਧ ਲਈ ਭੇਜੋ