ਮੇਰੀ ਤਸਵੀਰ

ਮੇਰੀ ਤਸਵੀਰ

ਜੋ ਮੇਰੀ ਸਮਝ ਤੂੰ ਮੋੜ ਦਿੱਤੀ ਏ 

ਬਹੁਤ ਵਾਰੀਂ ਉਲਟ ਪੁਲਟੀ 

ਇਹਦੇ ਵਿਚ ਕੁਝ ਵੀ ਮੈਨੂੰ 

ਆਪਣਾ ਨਜ਼ਰੀਂ ਨਹੀਂ ਆਇਆ

ਤੇਰੀ ਮੋੜੀ ਹੋਈ ਤਸਵੀਰ ਦੇ ਸਾਹਵੇਂ 

ਮੈਂ ਅਪਣੇ ਆਪ ਤੋਂ

ਮੁੜਿਆ ਹੋਇਆ ਮਹਿਸੂਸ ਕਰਦਾ ਹਾਂ 

ਮੈਂ ਪਿੰਜਰੇ ਬੰਦ ਇਕ ਸਿਫ਼ਰਾ 

ਖ਼ਲਾਅ ਅੰਦਰ ਭਟਕਦਾ ਹਾਂ 

ਮੇਰੀ ਅਪਣੀ ਖ਼ਮੋਸ਼ੀ ਬਿਨ 

ਕੋਈ ਸਾਥੀ ਨਹੀਂ ਮੇਰਾ 

ਕੋਈ ਰਸਤਾ ਨਹੀਂ

ਕਿ ਤੁਰ ਕੇ ਆਪਣੇ ਕੋਲ ਹੀ ਜਾਵਾਂ

ਕੋਈ ਰਸਤਾ ਨਹੀਂ

ਕਿ ਤੁਰ ਕੇ ਆਪਣੇ ਕੋਲ ਹੀ ਆਵਾਂ 

ਮੇਰੀ ਆਵਾਜ਼ ਦੀ ਵੀ ਲੀਕ ਨਹੀਂ 

ਜਿਸ ਤੇ ਲਟਕ ਜਾਵਾਂ

ਦਿਸ਼ਾ ਨਿਰਵਾਣ ਵਾਂਗੂੰ

ਬੇਅਰਥ ਮਾਲੂਮ ਹੁੰਦੀ

ਕੋਈ ਪੂਰਬ ਨਹੀਂ, ਪੱਛਮ ਨਹੀਂ

ਕਿ ਅਸਤ ਉਗ ਜਾਵਾਂ

ਸਮੇਂ ਦੀ ਲੀਕ ਲਚਕੀਲੀ ਕਿਸੇ ਨੇ ਤੋੜ ਦਿੱਤੀ

ਮੇਰੀ ਤਸਵੀਰ

ਤੂੰ ਮੇਰੀ ਸਮਝ ਕੇ ਮੋੜ ਦਿੱਤੀ

ਤੇਰੀ ਮੋੜੀ ਹੋਈ ਤਸਵੀਰ ਦੇ ਸਾਹਵੇਂ

ਜੇ ਪਲ ਛਿਣ ਹੋਂਦ ਵਿਚ ਆਵਾਂ

ਮੈਂ ਇਕ ਸਜਰੇ ਗਰਭ ਦੀ ਪੀੜ ਤੋਂ ਵਧ 

ਕੁਝ ਨਹੀਂ ਹੁੰਦਾ

ਮੈਂ ਆਪਣੀ ਹੋਂਦ ਦਾ ਵਾਅਦਾ

ਤੇ ਉਹਦਾ ਵਾਅਦਾ ਵੀ ਮੇਰੇ ਕੋਲ ਨਹੀਂ ਹੁੰਦਾ 

ਮੇਰਾ ਵਾਅਦਾ ਵੀ

ਇਕ ਲੋਚਾ, ਭਰਮ ਹੈ ਯਾ ਕਿ ਭੈ ਹੈ

ਓਸ ਮਾਂ ਦਾ

ਜਿਸ ਦੀ ਚੋਣ ਮੈਂ ਹਾਂ 

ਮੇਰੀ ਚੋਣ ਜੋ ਹੈ

ਮੈਂ ਅੱਜ ਜਿਊਂਦਾ ਨਹੀਂ ਜੀਵਾਂਗਾ ਕੱਲ੍ਹ 

ਜਦੋਂ ਮੇਰੀ ਜਨਣਹਾਰੀ

ਮੈਨੂੰ ਜਾਣੇ-ਪਛਾਣੇ ਵਾਸ਼ਨਾ ਦੇ ਰਾਹ ਤੇ ਤੋਰੇਗੀ 

ਮੈਂ ਫਿਰ ਇਕ ਜਨਮ ਨੂੰ 

ਤਸਵੀਰ ਵਾਂਗੂੰ ਭੇਟ ਕਰਦਾਂਗਾ 

ਕੋਈ ਇਕ ਜਨਮ ਨੂੰ 

ਬਿਰਥਾ ਸਮਝ ਕੇ ਫੇਰ ਮੋੜੇਗੀ

ਕਿਸੇ ਨੇ ਜਿਊਣ ਤੋਂ ਪਹਿਲਾਂ

ਕੁਰਾਹੇ ਮਰਨ ਦੀ ਮਜਬੂਰ ਆਦਤ ਜੋੜ ਦਿੱਤੀ ਏ 

ਮੇਰੀ ਤਸਵੀਰ

ਤੂੰ ਮੇਰੀ ਸਮਝ ਕੇ ਮੋੜ ਦਿੱਤੀ

📝 ਸੋਧ ਲਈ ਭੇਜੋ