ਕੀਕਣ ਗਿਣਾਂ ਅਪਣੀ ਉਮਰ ਦੇ ਸਾਲ
ਧੜਕਦਾ ਦਿਲ, ਸੁਲਗਦਾ ਸੂਰਜ, ਜ਼ਿਮੀਂ ਦੀ ਚਾਲ
ਅੰਬਰੀ ਵੀਰਾਨਿਆਂ ਵਿਚ
ਹੁਣ ਬਣੀ, ਹੁਣ ਮਿਟ ਗਈ ਧਰਤੀ-ਪਵਨ ਦੀ ਲੀਕ
ਕੀਕਣ ਮਿਣਾਂ ?
ਇਹ ਮੇਰੀ ਉਮਰਾ ਨਹੀਂ
ਦਿਨ-ਰਾਤ ਦੇ ਧੁਪ-ਛਾਵਿਆਂ ਦਾ ਡੱਬ-ਖੜੱਬਾ ਜਾਲ !
ਕੀਕਣ ਗਿਣਾਂ ਅਪਣੀ ਉਮਰ ਦੇ ਸਾਲ
‘ਮਾਤ, ਮੇਰੀ ਮਾਤ
ਤੂੰ ਹੀ ਗਿਣਾ, ਮੇਰੀ ਉਮਰ ਦੇ ਸਾਲ'
“ਪੁੱਤਰ ਮੈਂ ਮਹਾਂ ਅਣਜਾਣ
ਮੈਂ ਤਾਂ, ਜੀਵੇਂ, ਭੁਲਦੀ ਜਾਂਦੀ ਹਾਂ ਤੇਰਾ ਨਾਮ,
ਅਪਣਾ ਨਾਮ
ਮੇਰੀ ਉਮਰ ਤੂੰ ਵੀ ਨਹੀਂ
ਮੇਰੀ ਧੀ-ਮੋਈ ਨਹੀਂ
ਮੇਰੀ ਉਮਰ ਕੋਈ ਨਹੀਂ
ਤੇਰੀ ਉਮਰ ਤੂੰ ਜਾਣ
ਹਰ ਸਮੇਂ, ਹਰ ਥਾਨ
ਧਰਤੀ ਜਣ ਰਹੀ ਨਿਤ ਨਵੀਂ ਸੰਤਾਨ
ਸਾਡੀ ਗਤਿ-ਮਿਤਿ ਵਿਚ ਉਨ੍ਹਾਂ ਦਾ ਨਾਂ ਨਹੀਂ
ਉਮਰ ਕਿਸ ਬਿਧ ਜਾਣੀਏ
ਕੌਣ ਜਾਣੇ ਹਰ ਬਿਰਛ ਦਾ ਨਾਮ
ਕੌਣ ਜਾਣ ਗੇਣਵੇਂ ਕਿੰਨੇ ਮਹਿਕ ਦੇ ਸਾਹ
ਉਮਰ ਬਸ ਗਿਣਤੀ ਨਹੀਂ
ਹੈ ਕਿਤੇ ਇਕ ਰੁੱਖ
ਜਿਸ ਦੀ ਹੈ ਉਮਰ ਇਕ ਬੁੱਧ
ਇਕ ਪਰਬਤ
ਜਿਸ ਦੀ ਉਮਰਾ ਇਕ ਸ਼ੰਕਰ ਸ਼ੁੱਧ
ਇਕ ਰਬਾਬੀ
ਜਿਸ ਦੀ ਉਮਰਾ ਇਕ ਨਾਨਕ ਮੀਤ
ਸੋਚ ਤੇਰੀ ਵੀ ਉਮਰ ਹੋਵੇ ਕਿਤੇ
ਪੂਰਾ ਅਧੂਰਾ ਗੀਤ
ਜਾਂ ਅਜੰਮੇ ਗੀਤ ਦਾ ਪੂਰਾ ਅਧੂਰਾ ਖ਼ਿਆਲ
ਕੀਕਣ ਗਿਣਾਂ ਅਪਣੀ ਉਮਰ ਦੇ ਸਾਲ !
ਕੀਕਣ ਲਿਖਾਂ ਅਪਣੀ ਉਮਰ ਦੇ ਸਾਲ !!