ਮਿਰਜ਼ੇ ਦੇ ਤਿਲ੍ਹਕਦੇ ਜਜ਼ਬਾਤ

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਅੱਗ ਡਿਗਦੀ ਧਰਤ ਦੇ ਪੈਰਾਂ 'ਤੇ।

ਟਪ ਅੰਬਰ ਕਾਲ ਨੂੰ ਚਲ ਪੈਣਾ 

ਤ੍ਰਿਣ ਤ੍ਰਿਣ 'ਤੇ ਹਸ਼ਰਾਂ ਬਲ ਪੈਣਾ 

ਹਰ ਕਿਸੇ ਨੂੰ ਲੰਘਣਾ ਥਲ ਪੈਣਾ; 

ਡਾਚੀ ਬਿਰਖ ਫ਼ਕੀਰ ਕੋਈ 

ਖ਼ਾਬ ਨੇ ਜ਼ਮਜ਼ਮ-ਲਹਿਰਾਂ ਦੇ-

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਕੋਈ ਪੌੜ ਸੁਣੇ ਵਿਚ 'ਵਾਵਾਂ ਦੇ 

ਮਨ ਥਰਹਰ ਕੰਬਦੇ ਰਾਹਵਾਂ ਦੇ 

ਕੁੱਲ ਵਾਵਰੋਲਿਆਂ ਛਾਵਾਂ ਦੇ;

ਵਿਚ ਬਾਹਾਂ ਕੇਸੂ ਹੜ੍ਹ ਭਖਦੇ 

ਕਿਉਂ ਅੰਬਰ ਛਲ ਨੇ ਕਹਿਰਾਂ ਦੇ

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਔਹ ਕੌਲ ਸਿਖਰ ਸਚਿਆਰ ਖੜੇ, 

ਹਾਂ, ਦੂਰ ਆਗਾਸਾਂ ਪਾਰ ਖੜੇ, 

ਕਿਉਂ ਵਸਲ ਮੇਰੇ ਬੇ-ਯਾਰ ਖੜੇ

ਅੱਜ ਦੂਰ ਝੰਗ ਦੀਆਂ ਛਾਵਾਂ ਦੇ 

ਔਹ ਤੀਰ ਖੁਭੇ ਵਿਚ ਗਹਿਰਾਂ ਦੇ— 

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਲੰਘ ਚੱਲਿਆ ਮਿਰਜ਼ਾ ਬਾਰਾਂ 'ਚੋਂ 

ਮੋਹ ਕੂੰਜ ਸੈਆਂ ਹੀ ਡਾਰਾਂ 'ਚੋਂ 

ਕੋਈ ਲੁੱਟ ਕੇ ਬਿਜਲੀ ਨਾਰਾਂ 'ਚੋਂ, 

ਅਸਾਂ ਬੋਲ ਤੇਰੇ ਵਿਚ ਡੁੱਬ ਜਾਣਾ

ਸਭ ਭੁੱਲ ਨਿਹੋਰੇ ਗੈਰਾਂ ਦੇ-

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਕੰਨਸੋਅ ਜਹੀ, ਲਿਸ਼ਕੋਰ ਜਹੀ, 

ਬਹੂੰ ਸੁਬਕ ਜਹੀ, ਦਿਲ-ਚੋਰ ਜਹੀ, 

ਵੱਡ ਸਿਖਰ ਦੁਪਹਿਰਾਂ ਦੇ ਜ਼ੋਰ ਜਹੀ, 

ਮਰ ਜਾਏਂ ਤੇਸੇ ਬਿਨ ਅੜੀਏ 

ਤੂੰ ਸੁਪਨੇ ਲੈਂਦੀ ਨਹਿਰਾਂ ਦੇ-

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਛੱਡ ਹਰੀ ਝਨਾਂ ਦੀ ਬੇਟ ਕੁੜੇ 

ਵਿਚ ਰੋਹੀਆਂ ਜੰਡ ਦੇ ਹੇਠ ਕੁੜੇ 

ਮਰ ਜਾਸੇਂ ਤਪਦੇ ਜੇਠ ਕੁੜੇ, 

ਤੂੰ ਬੱਕੀ ਨਾਲ ਫ਼ਕੀਰ ਹੋਈ 

ਮੇਰੇ ਤੀਰ ਨੇ ਪਿਛਲੇ ਪਹਿਰਾਂ ਦੇ-

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਮਿਰੀ ਗੱਲ ਕਿਤੇ ਪਰਵਾਜ਼ ਸੁਣੇ 

ਉਹ ਕੌਣ, ਕਿਹੋ ਜੇਹਾ ਰਾਜ਼ ਸੁਣੇ

ਕੁੱਲ ਧਰਤੀ ਇਕ ਆਵਾਜ਼ ਸੁਣੇ- 

ਕਦੇ ਮੁੱਢ ਕਦੀਮੀ ਹਾਸੇ 'ਚੋਂ 

ਕੁਝ ਬੋਲ ਸੁਣਾਂ ਮੈਂ ਵੈਰਾਂ ਦੇ-

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਦਿਲ-ਜਾਨ ਸਾਹਿਬਾਂ ਦੇ ਨਾਲ ਖੜੇ 

ਚਹੁੰ ਕੂੰਟੀਂ ਲੱਖਾਂ ਸਾਲ ਖੜੇ 

ਚੰਨ ਸੂਰਜ ਖੁਰਣ ਖ਼ਿਆਲ ਖੜੇ, 

ਮੈਂ ਅਮਲ ਦੇ ਲੁਟਦੇ ਪੈਂਡੇ ਵਿਚ 

ਕਿੰਝ ਬੋਲ ਪੁਗਾਵਾਂ ਖੈਰਾਂ ਦੇ-

ਖੰਭ ਤਪਦੇ ਸਿਖਰ ਦੁਪਹਿਰਾਂ ਦੇ

ਵਣ ਬੋਲੇ ਵਗਦੇ ਨੀਰਾਂ ਦੇ 

ਕੁਝ ਸੁੱਤੇ ਰੰਗ ਕਰੀਰਾਂ ਦੇ 

ਕੋਈ ਭੇਦ ਦੇਵਣ ਹੀਰਾਂ ਦੇ- 

ਜਲ ਥਲ ਵਿਚ ਰੰਗ ਫ਼ਕੀਰਾਂ ਦਾ 

ਕੁਝ ਰੰਗ ਪੁਰਾਣੇ ਜ਼ਹਿਰਾਂ ਦੇ-

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਅੱਖ ਮੁਨਕਰ ਕੜੇ ਨਕੀਰਾਂ ਦੀ 

ਜਿੰਦ-ਜਾਨ ਫੜੇ ਪਈ ਤੀਰਾਂ ਦੀ 

ਜੰਡ ਹੇਠ ਚੁੱਪ ਤਕਦੀਰਾਂ ਦੀ- 

ਕਦੇ ਬਿਰਖ ਦੀ ਛਾਂ ਵੀ ਛੱਡ ਜਾਂਦੀ 

ਮੁੱਕ ਜਾਂਦੇ ਪੈਂਡੇ ਦਹਿਰਾਂ ਦੇ— 

ਖੰਭ ਤਪਦੇ ਸਿਖਰ ਦੁਪਹਿਰਾਂ ਦੇ।

ਅੱਗ ਡਿਗਦੀ ਧਰਤ ਦੇ ਪੈਰਾਂ 'ਤੇ।

📝 ਸੋਧ ਲਈ ਭੇਜੋ