ਪੰਜ ਆਬਾਂ ਦੇ ਜਾਏ ਪੰਜਾਬੀ ਬੀਬੇ ਰਾਣੇ ਹਾਂ

ਵੱਖ-ਵੱਖ ਨਸਲਾਂ ਫ਼ਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ। 

ਕਣਕਾਂ ਦੇ ਰੰਗ ਵਰਗੇ ਹਾਂ ਕੁਝ ਕੱਕੇ ਭੂਰੇ ਹਾਂ

‘ਰਾਮ ਮੁਹੰਮਦ ਸਿੰਘ’ ਹੀ ਰਲ਼ਕੇ ਬਣਦੇ ਪੂਰੇ ਹਾਂ

ਦੀਨ ਦੁਖੀ ਦੀ ਓਟ ਅਤੇ ਅਡਵਾਇਰਾਂ ਲਈ ਜਰਵਾਣੇ ਹਾਂ

ਵੱਖ ਵੱਖ ਨਸਲਾਂ ਫਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ..... । 

ਨਾਨਕ ,ਸ਼ੇਖ ਤਾਮੀਰ ਅਸਾਡੀ ਮੀਆਂਮੀਰ ਬੁਨਿਆਦ

ਮੁੱਢ-ਕਦੀਮੀ ਤਵਾਰੀਖ਼ ਜੋ 'ਸਪਤ ਸਿੰਧ' ਵਿੱਚ ਹੋਈ ਅਬਾਦ

ਅਸੀਂ ਹੜੱਪਾ ਦੇ ਖੰਡਰਾਂ ਤੋਂ ਵੱਧ ਪੁਰਾਣੇ ਹਾਂ

ਵੱਖ਼ ਵੱਖ਼ ਨਸਲਾਂ ਫਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ...। 

ਕੋਈ ਨਾ ਦੁਪਰਿਆਰਾ ਬਾਹਰਾ ਸਭ ਹਮਸਾਏ ਹਾਂ

ਹਿੰਦੂ ਮੁਸਲਿਮ ਸਿੱਖ  ‘ਪੰਜਾਬੀ’ ਮਾਂ ਦੇ ਜਾਏ ਹਾਂ

ਦੁੱਲ੍ਹੇ ਤੇ ਬੁੱਲ੍ਹੇ ਦੇ ਵਾਰਸ ਜਾਂਦੇ ਜਾਣੇ ਹਾਂ

ਵੱਖ  ਵੱਖ ਨਸਲਾਂ ਫ਼ਸਲਾਂ  ਦੇ ਅਸੀਂ ਮਿੱਸੇ ਦਾਣੇ ਹਾਂ ...। 

ਸਤਨਾਜੇ ਦੇ ਵਾਂਗੂੰ ਜਾਤਾਂ ਗੋਤ ਕਬੀਲੇ ਨੇ

ਜਾਂ ਜਿਓਂ ਫੁੱਲ ਗੁਲਾਬੀ ਤੇ ਕੁਝ ਕਾਲ਼ੇ ਪੀਲ਼ੇ  ਨੇ

ਇੱਕੋ ਨੂਰ ਤੋਂ ਉਪਜੇ ਭਾਵੇਂ ਭਿੰਨ ਭਿੰਨ ਬਾਣੇ ਹਾਂ

ਵੱਖ ਵੱਖ  ਨਸਲਾਂ ਫ਼ਸਲਾਂ  ਦੇ ਅਸੀਂ ਮਿੱਸੇ ਦਾਣੇ ਹਾਂ ...। 

ਦਰਿਆਵਾਂ ਜਿਹੀ ਤੋਰ ਅਸਾਡੀ ਤੇ ਅਲਬੇਲੇ ਹਾਂ

ਅਸੀਂ ਤਾਂ ਰੱਬ ਦੇ ਨਾਲ਼ ਵੀ ਲੁਕਣਮੀਚੀ ਖੇਲੇ ਹਾਂ

ਹਰ ਜਾਬਰ ਤੋਂ ਨਾਬਰ ਹੋਣ ਲਈ ਗਏ ਪਛਾਣੇ ਹਾਂ

ਵੱਖ ਵੱਖ ਨਸਲਾਂ ਫਸਲਾਂ ਦੇ ਅਸੀਂ ਮਿੱਸੇ ਦਾਣੇ ਹਾਂ ...।

📝 ਸੋਧ ਲਈ ਭੇਜੋ