ਕਿਤੋਂ ਲਿਆ ਦਿਓ ਮਿਟਾਉਣ ਵਾਲੀ ਰਬੜ
ਜ਼ਿੰਦਗੀ ਵਿੱਚ ਵਾਪਰੀਆਂ ਘਟਨਾਵਾਂ ਨੂੰ
ਮਿਟਾ ਕੇ ਫੇਰ ਪਹਿਲਾਂ ਵਰਗੀ ਕਰ ਦੇਵੇ
ਉਹ ਜ਼ਿੰਦਗੀ ਵਿੱਚ ਨਾ ਹੀ ਆਇਆ ਹੁੰਦਾ
ਤਾਂ ਚੰਗਾ ਹੁੰਦਾ
ਮਿਟਾ ਦੇਣਾ ਚਾਹੁੰਦੀ
ਉਸਦੀ ਲਿਖੀ ਹਰ ਇਬਾਰਤ
ਜੋ ਪਾਉਂਦੀ ਦੁੱਖਾਂ ਦੀ ਬਾਤ
ਉਸ ਦੇ ਲਿਖੇ ਹਰਫ਼
ਜੋ ਤਕਲੀਫ ਦਿੰਦੇ
ਜਿੰਨੀ ਵਾਰ ਪੜ੍ਹੇ ਜਾਣ
ਭੁੱਲ ਜਾਣਾ ਆਸਾਨ ਨਹੀਂ ਹੁੰਦਾ
ਅੰਦਰੋ ਅੰਦਰ ਹੋਈ ਟੁੱਟ ਭੱਜ ਨੂੰ
ਕਿਵੇਂ ਜੋਡ਼ਾਂ , ਕਿਵੇਂ ਦਿਖਾਵਾਂ
ਮਿਟਾ ਦੇਣਾ ਚਾਹੁੰਦੀ ਉਸ ਦੀ ਹਰ ਯਾਦ
ਇਸੇ ਲਈ ਤਾਂ ਮੰਗਦੀ ਮਿਟਾਉਣ ਵਾਲੀ ਰਬੜ
ਜੋ ਜ਼ਿੰਦਗੀ ਨੂੰ ਫਿਰ ਬਣਾ ਦੇਵੇ ਕੋਰਾ ਕਾਗਜ਼