ਮਿਤਰਾਂ ਮੂਹੋਂ ਮਿੱਠੀਆਂ ਗੱਲਾਂ ਇੰਜੇ ਲੱਗਣ ਭਲੀਆਂ ।
ਦੂਰ ਕਿਤੇ ਜਿਉਂ, ਸਾਂਝ ਸਵੇਰੇ ਬਲਦਾਂ ਦੇ ਗਲ ਟੱਲੀਆਂ ।
ਘੁੱਪ ਹਨੇਰੇ ਜੀਵਨ ਰਾਹ ਲਈ, ਚਾਨਣ ਚਾਨਣ ਯਾਦਾਂ,
ਮਨ-ਮੰਦਰ ਦੀ ਹਰ ਇਕ ਪੌੜੀ ਵਾਂਗ ਮਸ਼ਾਲਾਂ ਬਲੀਆਂ ।
ਮੰਗਵੀਂ ਖ਼ੁਸ਼ੀ ਦਾ ਰੂਪ ਅਨੋਖਾ, ਪਲ ਦੋ ਪਲ ਹੈ ਸੱਜਣਾ,
ਟੁੰਡ-ਮੁੰਡ ਰੁਖ ਰਹਿ ਜਾਂਦੇ ਜਦ ਪੰਘਰਨ ਬਰਫ਼ਾਂ ਫ਼ਲੀਆਂ ।
ਹਿਜਰ ਤਿਰੇ ਦੇ ਦੁਖੜੇ ਅੰਦਰ, ਹਰ ਦੁਖ ਇੰਜ ਗਵਾਚਾ,
ਕਿਣਮਿਣ ਵਰਕੇ ਬੂੰਦਾਂ ਜਿਉਂਕਰ ਸਾਗਰ ਦੇ ਵਿਚ ਰਲੀਆਂ ।
ਕਿੰਨੇ ਸੂਰਜ ਤੈਨੂੰ ਲੱਭਦੇ ਰੱਤੋ ਰੱਤ ਹੋ ਲੱਥੇ,
ਕਿੰਨੀਆਂ ਸ਼ਾਮਾਂ ਵਿੱਚ ਉਡੀਕਾਂ ਬਣ ਬਣ ਰਾਤਾਂ ਢਲੀਆਂ ।
ਮੱਘਰ ਪੋਹ ਦੀਆਂ ਸੀਤਲ ਰਾਤਾਂ ਸਾੜਨ ਤਨ ਜਿਸ ਵੇਲੇ,
ਬਾਲ ਕੇ ਦੀਵਾ ਬੀਤੀ ਰੁੱਤ ਦਾ ਨਿਕਲ ਪਵਾਂ ਵਿਚ ਗਲੀਆਂ ।