ਮਿੱਤਰ ਪਿਆਰੇ ਨੂੰ

ਸੁੱਖਾਂ ਲੱਧੀ ਜਿੰਦੜੀ ਮਿੱਤਰਾ

ਜੀ ਕਰਦੈ ਤੇਰੇ ਨਾਮ ਕਰਾਂ

ਹਰ ਪਾਸੇ ਜਦ ਛਾਏ ਹਨੇਰਾ

ਮੈਂ ਚਾਨਣ ਤੇਰੇ ਨਾਮ ਕਰਾਂ

ਯਾਦਾਂ ਦੀ ਜਦ ਲੂ ਸਤਾਵੇ

ਮੈਂ ਛਾਵਾਂ ਤੇਰੇ ਨਾਮ ਕਰਾਂ

ਜਿੱਥੇ ਹੋਵੇਂ ਜ਼ਿੰਦਗੀ ਮਾਣੇ

ਹਰ ਸੁਹਣੀ ਸ਼ੈ ਤੇਰੇ ਨਾਮ ਕਰਾਂ

ਸੁਹਿਰਦ ਸੁਚੱਜਾ ਜੀਵਨ ਜੀਵੇਂ

ਰੱਬ ਰਹਿਮਤ ਤੇਰੇ ਨਾਮ ਕਰਾਂ

ਮੁਹੱਬਤਾਂ ਦਾ ਪ੍ਰਤੀਕ ਬਣੇ ਤੂੰ

ਹੀਰ, ਸੋਹਣੀ ਤੇਰੇ ਨਾਮ ਕਰਾਂ

ਫੁੱਲਾਂ ਵਾਂਗੂੰ ਮਹਿਕੇ ਸੱਜਣਾ

ਹਰ ਖੁਸ਼ਬੂ ਤੇਰੇ ਨਾਮ ਕਰਾਂ

ਮੋਰ, ਪਪੀਹੇ, ਕੋਇਲ, ਬੁਲਬੁਲ

ਰੁੱਤ ਬਸੰਤੀ ਤੇਰੇ ਨਾਮ ਕਰਾਂ

ਪਾਵੇਂ ਮੰਜਿਲਾਂ, ਛੂਹੇਂ ਸਿਖਰਾਂ

ਖੁਸ਼-ਕਿਸਮਤ ਤੇਰੇ ਨਾਮ ਕਰਾਂ

ਜਵਾਨੀ ਮਾਣੇ, ਜੁਗ ਜੁਗ ਜੀਵੇਂ

ਰੁੱਤ ਜੋਬਨ ਤੇਰੇ ਨਾਮ ਕਰਾਂ

ਤੂੰ ਸੋਹਣਾ ਪੁੰਨਣ, ਰਾਂਝਣ ਗਭਰੂ

ਸੱਸੀ ਹੀਰ ਵੀ ਤੇਰੇ ਨਾਮ ਕਰਾਂ

ਸਭ ਕੁਝ ਤੇਰਾ ਜੋ ਮੇਰਾ ਹੈ

ਜੀਵਨ ਵੀ ਤੇਰੇ ਨਾਮ ਕਰਾਂ।

ਹਰ ਰੰਗ ਹੱਸੀਂ ਹਰ ਰੰਗ ਮਾਣੀਂ

ਮੈਂ ਹਰ ਰੰਗ ਤੇਰੇ ਨਾਮ ਕਰਾਂ

ਤੂੰ ਬਣੀ ਸੁਨੇਹਾ ਸੱਚੇ ਰੱਬ ਦਾ

ਬਖਸ਼ਿਸ਼ ਉਸਦੀ ਤੇਰੇ ਨਾਮ ਕਰਾਂ

ਮੁਹੱਬਤ ਹੈ ਇਬਾਦਤ ਰੱਬ ਦੀ

ਹਰ ਸਿਮਰਨ ਤੇਰੇ ਨਾਮ ਕਰਾਂ

ਪਰ ਕਦੇ ਨਾ ਤੋੜੀਂ ਦਿਲ ਕਿਸੇ ਦਾ

ਰੱਬ ਹਿਰਦੇ ਤੇਰੇ ਨਾਮ ਕਰਾਂ

ਹਿਰਦੇ ਮੋਤੀ ਅਮੋਲ ਵੇ ਸੱਜਣਾ

ਇਹ ਮੋਤੀ ਤੇਰੇ ਨਾਮ ਕਰਾਂ

ਰੱਬ ਵਸਦਾ ‘ਉੱਪਲ’ ਹਿਰਦੇ ਅੰਦਰ

ਹਰ ਹਿਰਦਾ ਤੇਰੇ ਨਾਮ ਕਰਾਂ

📝 ਸੋਧ ਲਈ ਭੇਜੋ