ਕਲ੍ਹ  ਮੈਂ ਬਾਵੀ ਇੱਕ ਬਣਾਈ

ਲੈ ਕੇ ਮਿੱਟੀ ਗਿੱਲੀ

ਮੂੰਹ-ਮੱਥਾ ਤੇ ਨਕਸ਼ ਬਣਾਏ

ਰੰਗ ਤੇ ਰੂਪ ਮਟੀਲੀ .

ਕੰਨ ਬਣਾ ਕੇ ਕਾਂਟੇ ਪਾਏ

ਨੱਕ ਬਣਾ ਕੇ ਤੀਲ੍ਹੀ

ਪੱਤੀਆਂ ਵਰਗੇ ਬੁੱਲ੍ਹ ਬਣਾਏ

ਹਿਰਨੀ ਵਰਗੀਆਂ ਅੱਖਾਂ

ਬਾਵੀ ਮੈਨੂੰ ਬਿਟ-ਬਿਟ ਤੱਕੇ

ਮੈਂ ਬਾਵੀ ਨੂੰ ਤੱਕਾਂ

ਧੌਣ-ਸੁਰਾਹੀ ਵਾਂਗ ਬਣਾ ਕੇ

ਗਲ਼ ਵਿੱਚ ਪਾਈ ਗਾਨੀ

ਭਰ ਮੁਟਿਆਰ ਉਭਾਰ ਬਣਾਏ

ਲੋਹੜੇ ਵਾਲ਼ੀ ਜਵਾਨੀ

ਨਾਜ਼ਕ ਹੱਥ ਤੇ ਪੈਰ ਬਣਾਏ

ਬੀਰ-ਵਹੁਟੀਆਂ ਵਰਗੇ

ਏਨਾ ਹੁਸਨ ਵੇਖ ਬਾਵੀ ਦਾ

ਰਾਹਗੀਰ ਕਈ ਮਰ ਗਏ

ਜਦੋਂ ਮੁਕੰਮਲ ਬਣ ਗੀ ਲੱਗਾ

ਮੈਨੂੰ ਜਿਵੇਂ ਉਹ ਬੋਲ ਪਈ

ਹੂਰ ਪਰੀ ਕੋਈ ਅਰਸ਼ੋਂ ਆਈ

ਕੇ ਮੇਰੇ ਕੋਲ਼ ਖੜ੍ਹੀ 

ਬਾਵੀ ਮਿੱਟੀ ਦੀ ਵੀ ਬੋਲੇ ?

ਕੌਣ ਕ੍ਰਿਸ਼ਮਾ ਕਰ ਗਿਆ ?

ਬਾਵੀ ਜ਼ਿੰਦਾ ਹੋ ਗੀ ਪਰ ਮੈ

ਉਹਨੂੰ ਤੱਕ ਕੇ ਮਰ ਗਿਆ

ਹੱਥੀਂ ਆਪ ਬਣਾਈ ਬਾਵੀ

ਉੱਤੇ ਆਪ ਹੀ ਮਰ ਗਿਆ

📝 ਸੋਧ ਲਈ ਭੇਜੋ